ਰਵਿੰਦਰ ਰਵੀ
ਬਰਨਾਲਾ, 25 ਅਪਰੈਲ
ਟਰਾਈਡੈਂਟ ਦੇ ਮਿਸ਼ਨ ਡੇਅ ’ਤੇ ਇੱਥੇ ਇੱਕ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਰਾਜਿੰਦਰ ਗੁਪਤਾ ਨੇ ਕਿਹਾ ਕਿ ਉਨ੍ਹਾਂ 25-30 ਸਾਲ ਪਹਿਲਾਂ ਬਰਨਾਲਾ ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ।
ਬਰਨਾਲਾ ਵਾਸੀਆਂ ਦੀ ਮਿਹਨਤ ਤੇ ਪਿਆਰ ਸਦਕਾ ਟਰਾਈਡੈਂਟ ਗਰੁੱਪ ਅੱਜ ਪੂਰੀ ਦੁਨੀਆਂ ’ਚ ਮੱਲਾਂ ਮਾਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਟਰਾਈਡੈਂਟ ਗਰੁੱਪ ਨਾਲ 27 ਹਜ਼ਾਰ ਪਰਿਵਾਰ ਜੁੜੇ ਹੋਏ ਹਨ ਅਤੇ ਆਉਣ ਵਾਲੇ ਸਮੇਂ ’ਚ ਬਰਨਾਲਾ ਵਿੱਚ ਹੀ 10 ਹਜ਼ਾਰ ਪਰਿਵਾਰਾਂ ਨੂੰ ਹੋਰ ਜੋੜਿਆ ਜਾਵੇਗਾ। ਗੁਪਤਾ ਨੇ ਕਿਹਾ ਕਿ ਟਰਾਈਡੈਂਟ ਦਾ ਟੀਚਾ 50 ਹਜ਼ਾਰ ਪਰਿਵਾਰਾਂ ਨੂੰ ਸਿੱਧੇ ਅਤੇ ਅਸਿੱਧੇ ਰੂਪ ’ਚ ਜੋੜਨਾ ਹੈ। ਆਉਂਦੇ ਦਿਨੀਂ ਗਰੁੱਪ ਵੱਲੋਂ ਨਵੇਂ ਪ੍ਰਾਜੈਕਟਾਂ ਵਿੱਚ ਚਾਰ ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਇਹ ਸਾਰੇ ਪ੍ਰਾਜੈਕਟ 2 ਅਕਤੂਬਰ ਤੱਕ ਪੂਰਾ ਕਰਨ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਬਰਨਾਲਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਉਹ ਜੋ ਵੀ ਹਨ, ਸਭ ਬਰਨਾਲਾ ਵਾਸੀਆਂ ਦੀ ਬਦੌਲਤ ਹਨ।
ਇਸ ਮੌਕੇ ਚੇਅਰਮੈਨ ਗੁਪਤਾ ਵੱਲੋਂ ਟਰਾਈਡੈਂਟ ਗਰੁੱਪ ਦੇ ਵੱਖ-ਵੱਖ ਯੂਨਿਟਾਂ ’ਚ ਮੱਲਾਂ ਮਾਰਨ ਵਾਲੇ ਮੁਲਾਜ਼ਮਾਂ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ’ਚ ਗਾਇਕ ਜਸਬੀਰ ਜੱਸੀ ਨੇ ਗੀਤ ਗਾ ਕੇ ਲੋਕਾਂ ਦਾ ਮਨੋਰੰਜਨ ਕੀਤਾ।
ਇਸ ਮੌਕੇ ਟਰਾਈਡੈਂਟ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ, ਪਵਨ ਸਿੰਗਲਾ, ਅਰੋੜਵੰਸ਼ ਸਭਾ ਦੇ ਚੇਅਰਮੈਨ ਵਿਵੇਕ ਸਿੰਧਵਾਨੀ ਅਤੇ ਸ਼ਿਵ ਸਿੰਗਲਾ ਵੀ ਸ਼ਾਮਲ ਸਨ।