ਨਿੱਜੀ ਪੱਤਰ ਪ੍ਰੇਰਕ
ਮੋਗਾ,12 ਅਗਸਤ
ਏਆਈਐੱਸਐੱਫ. ਸੂਬਾ ਕੌਂਸਲ ਵੱਲੋਂ 86ਵਾਂ ਸਥਾਪਨਾ ਦਿਵਸ ਇਨਕਲਾਬੀ ਜੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਜਥੇਬੰਦੀ ਦੀ ਕੌਮੀ ਮਹਿਲਾ ਕਨਵੀਨਰ ਕਰਮਵੀਰ ਬੱਧਨੀ ਦੀ ਅਗਵਾਈ ’ਚ 7 ਲੜਕੀਆਂ ਵੱਲੋਂ ਇਨਕਲਾਬੀ ਝੰਡਾ ਲਹਿਰਾਇਆ ਗਿਆ। ਇਸ ਮੌਕੇ ਕਰਮਵੀਰ ਬੱਧਨੀ ਨੇ ਜਥੇਬੰਦੀ ਦੇ 86 ਸਾਲਾਂ ਦੇ ਸ਼ਾਨਾਮੱਤੇ ਇਤਿਹਾਸ ਉਤੇ ਵਿਸਥਾਰ ਨਾਲ ਦੱਸਿਆ। ਸੀਪੀਆਈ ਜ਼ਿਲ੍ਹਾ ਸਕੱਤਰ ਅਤੇ ਏਆਈਐੱਸ ਐੱਫ. ਅਤੇ ਨੌਜਵਾਨ ਭਾਰਤ ਸਭਾ ਦੇ ਸਾਬਕਾ ਆਗੂ ਕੁਲਦੀਪ ਭੋਲਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜਥੇਬੰਦੀ ਦੇ ਸਾਬਕਾ ਸੂਬਾਈ ਆਗੂ ਅਤੇ ਕੇਂਦਰੀ ਲੇਖਕ ਸਭਾ ਤੇ ਸਰਵ ਭਾਰਤ ਪ੍ਰਗਤੀਸ਼ੀਲ ਲੇਖਕ ਸਭਾ ਦੇ ਜਨਰਲ ਸਕੱਤਰ ਪ੍ਰੋ. ਸੁਖਦੇਵ ਸਿੰਘ ਸਿਰਸਾ ਨੇ ਜਥੇਬੰਦੀ ਦੀ ਇਤਿਹਾਸਕ ਮਹੱਤਤਾ ਉੱਤੇ ਚਾਨਣਾ ਪਾਉਂਦਿਆਂ ਕਿਹਾ ਕਿ ਕਿਸਾਨ ਅੰਦੋਲਨ ਪੂੰਜੀਵਾਦੀ ਸਰਕਾਰ ਨੂੰ ਵੰਗਾਰ ਰਿਹਾ ਹੈ। ਇਸ ਮੌਕੇ ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਸਾਥੀ ਸੁਖਜਿੰਦਰ ਮਹੇਸ਼ਰੀ ਨੇ ਕਿਹਾ ਕਿ ਵਿਦਿਅਕ ਅਦਾਰੇ ਕਾਰਪੋਰੇਟ ਹੱਥਾਂ ਵਿੱਚ ਨਹੀਂ ਜਾਣ ਦਿੱਤੇ ਜਾਣਗੇ। ਇਸ ਮੌਕੇ ਜਥੇਬੰਦੀ ਵੱਲੋਂ ਸਾਥੀ ਪ੍ਰਿਤਪਾਲ ਨੇ ਸਰਕਾਰੀ ਕਾਲਜ ਬਚਾਓ ਮੰਚ ਦੇ ਪੂਰਨ ਸਹਿਯੋਗ ਲਈ ਹਾਊਸ ਵਿੱਚ ਮਤਾ ਪੇਸ਼ ਕੀਤਾ ਜਿਸ ਨੂੰ ਸਭ ਸਾਥੀਆਂ ਨੇ ਹਮਾਇਤ ਦਿੱਤੀ।