ਮਹਿੰਦਰ ਸਿੰਘ ਰੱਤੀਆਂ
ਮੋਗਾ, 11 ਅਪਰੈਲ
ਸੂਬੇ ਵਿੱਚ ‘ਆਪ’ ਦੀ ਸਰਕਾਰ ਬਣਨ ਮਗਰੋਂ ਟਰੱਕ ਯੂਨੀਅਨਾਂ ਦੀ ਪ੍ਰਧਾਨਗੀ ਨੂੰ ਲੈ ਕੇ ਮਾਹੌਲ ਤਣਾਅ ਪੂਰਨ ਬਣੇ ਹੋਏ ਹਨ। ਮੋਗਾ ਸਮੇਤ ਹੋਰ ਕਈ ਥਾਵਾਂ ’ਤੇ ਖੂਨੀ ਝੜਪਾਂ ਮਗਰੋਂ ਹੁਣ ਅਜੀਤਵਾਲ ਟਰੱਕ ਯੂਨੀਅਨ ’ਤੇ ਕਬਜ਼ੇ ਲਈ ਦੋ ਧਿਰਾਂ ਆਹਮੋ-ਸਾਹਮਣੇ ਆ ਗਈਆਂ ਹਨ। ਟਰੱਕ ਯੂਨੀਅਨ ਅਜੀਤਵਾਲ ਦੀ ਪ੍ਰਧਾਨਗੀ ’ਤੇ ਕਾਬਜ਼ ਹੋਣ ਲਈ ਦੋ ਧਿਰਾਂ 10 ਦਿਨਾਂ ਤੋ ਅਪਰੇਟਰਾਂ ’ਚ ਜੋੜ ਤੋੜ ਕਰ ਰਹੀਆਂ ਹਨ। ਅੱਜ ਮੌਜੂਦਾ ਪ੍ਰਧਾਨ ਕੁਲਤਾਰ ਸਿੰਘ ਗੋਲਡੀ ਦੇ ਹੱਕ ’ਚ ਟਰੱਕ ਅਪ੍ਰੇਟਰਾਂ ਨੇ ਇਕੱਠ ਕਰਕੇ ਸਪਸ਼ਟ ਕਿਹਾ ਕਿ ਉਹ ਗੋਲਡੀ ਨੂੰ ਹੀ ਪ੍ਰਧਾਨ ਮੰਨਦੇ ਹਨ, ਇਸ ਨੇ ਆਪਣੇ ਛੋਟੇ ਜਿਹੇ ਕਾਰਜਕਾਲ ਦੌਰਾਨ ਅਪ੍ਰੇਟਰਾਂ ਨੂੰ ਬਣਦਾ ਹੱਕ ਦਵਾਇਆ ਤੇ ਬੇਈਮਾਨੀ ਨਹੀਂ ਕੀਤੀ ਤੇ ਨਾ ਹੀ ਕਿਸੇ ਟਰੱਕ ਅਪਰੇਟਰ ਦਾ ਹੱਕ ਖਾਧਾ। ਇਸ ਮੌਕੇ ਮੌਜੂਦਾ ਪ੍ਰਧਾਨ ਕੁਲਤਾਰ ਸਿੰਘ ਗੋਲਡੀ ਨੇ 117 ਅਪ੍ਰੇਟਰਾਂ ਵਿੱਚੋਂ 100 ਦਾ ਸਮਰਥਨ ਹਾਸਲ ਹੋਣ ਦਾਅਵਾ ਕਰਦੇ ਕਿਹਾ ਕਿ ਇਨ੍ਹਾਂ ਅਪਰੇਟਰਾਂ ਨੇ ਦਸਤਖਤ ਕਰਕੇ ਉਸ ਉੱਤੇ ਭਰੋਸਾ ਜਤਾਇਆ ਹੈ। 2017 ’ਚ ਰਾਜ ਪਰਿਵਤਰਨ ਬਾਅਦ ਕਾਂਗਰਸ ਦੀ ਸਰਕਾਰ ਆਈ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੂਰੇ ਪੰਜਾਬ ਦੀਆਂ ਟਰੱਕ ਯੂਨੀਅਨਾਂ ਭੰਗ ਕਰ ਦਿੱਤੀਆਂ ਸਨ। ਪੰਜਾਬ ਦੇ ਨਵੇਂ ਬਣੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤਾਂ ਟਰੱਕ ਯੂਨੀਅਨਾਂ ਮੁੱਖ ਮੰਤਰੀ ਨੂੰ ਟਰੱਕ ਯੂਨੀਅਨਾਂ ਬਹਾਲ ਕਰਨ ਲਈ ਮੰਗ ਪੱਤਰ ਦੇ ਰਹੀਆਂ ਸਨ ਪਰ ਇਸ ਦੌਰਾਨ ਚੋਣ ਜ਼ਾਬਤਾ ਲੱਗ ਗਿਆ ਤੇ ਸੂਬੇ ’ਚ ਰਾਜ ਪਰਿਵਰਤਨ ਹੋਇਆ ਤੇ ‘ਆਪ’ ਸਰਕਾਰ ਬਣ ਗਈ ਤੇ ਹੁਣ ਟਰੱਕ ਯੂਨੀਅਨਾਂ ’ਤੇ ਮੁੜ ਪ੍ਰਧਾਨਗੀ ਦਾ ਦੌਰ ਸ਼ੁਰੂ ਹੋ ਗਿਆ ਹੈ।