ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਸਤੰਬਰ
ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਗਾ ਜ਼ਿਲ੍ਹੇ ’ਚ ਚਾਰ ਵਿਧਾਨ ਸਭਾ ਹਲਕਿਆਂ ’ਚੋਂ ਤਿੰਨ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਪਰ ਨਿਹਾਲ ਸਿੰਘ ਵਾਲਾ ਰਾਖਵੇਂ ਹਲਕੇ ਦਾ ਐਲਾਨ ਟਾਲ ਦਿੱਤਾ ਗਿਆ। ਇਸ ਹਲਕੇ ਤੋਂ ਦਾਅਵੇਦਾਰ ਸਾਬਕਾ ਜ਼ਿਲ੍ਹਾ ਪਰਿਸ਼ਦ ਚੇਅਰਪਰਸਨ ਅਮਰਜੀਤ ਕੌਰ ਸਾਹੋਕੇ ਤੇ ਉਨ੍ਹਾਂ ਦੇ ਪਤੀ ਭੂਪਿੰਦਰ ਸਿੰਘ ਸਾਹੋਕੇ ਦੇ ਵਿਰੋਧ ’ਚ ਹੋਰ ਆਗੂਆਂ ਵੱਲੋਂ ਇਹਿਤਾਸਕ ਗੁਰਦੁਆਰਾ ਤਖਤੂਪੁਰਾ ਸਾਹਿਬ ਵਿਖੇ ਵੱਡਾ ਇਕੱਠ ਕਰਕੇ ਤਾਲ ਠੋਕ ਦੇਣ ਨਾਲ ਅਕਾਲੀ ਦਲ ਸੰਕਟ ’ਚ ਫਸ ਗਿਆ ਹੈ।
ਟਿਕਟ ਲਈ ਦਾਅਵੇਦਾਰ ਸਾਹੋਕੇ ਜੋੜੀ ਵੱਲੋਂ ਮੁਹਿੰਮ ਵਿੱਢ ਕੇ ਹਲਕੇ ਦੇ ਹਰ ਪਿੰਡ ’ਚ ਲੋਕਾਂ ਦੇ ਇਕੱਠ ਕੋਲੋਂ ਅਕਾਲੀ ਦਲ ਤੋਂ ਟਿਕਟ ਉਨ੍ਹਾਂ ਨੂੰ ਦੇਣ ਦੀ ਮੰਗ ਰੱਖੀ ਜਾ ਰਹੀ ਹੈ। ਪਾਰਟੀ ਸੂਤਰਾਂ ਮੁਤਾਬਕ ਅਕਾਲੀ ਦਲ ਸਾਬਕਾ ਜ਼ਿਲ੍ਹਾ ਪਰਿਸ਼ਦ ਚੇਅਰਪਰਸਨ ਅਮਰਜੀਤ ਕੌਰ ਸਾਹੋਕੇ ਨੂੰ ਟਿਕਟ ਦੇਣ ਲਈ ਰਾਜ਼ੀ ਹੋ ਗਿਆ ਸੀ। ਉਹ ਇਸ ਹਲਕੇ ਦੇ ਸਭ ਤੋਂ ਵੱਡੇ ਪਿੰਡ ਬਿਲਾਸਪੁਰ ਜ਼ੋਨ ਤੋਂ ਜ਼ਿਲ੍ਹਾ ਪਰਿਸ਼ਦ ਮੈਂਬਰ ਬਣ ਕੇ ਚੇਅਰਪਰਸਨ ਬਣੇ ਸਨ। ਪਰ ਉਨ੍ਹਾਂ ਦੇ ਪਤੀ ਵੱਲੋਂ ਪਤਨੀ ਦੀ ਥਾਂ ਉਸ ਨੂੰ ਟਿਕਟ ਦੇਣ ਉੱਤੇ ਜ਼ੋਰ ਪਾਉਣ ਤੋਂ ਕੁੰਢੀਆਂ ਦੇ ਸਿੰਗ ਫਸ ਗਏ! ਇਸ ਤੋਂ ਬਾਅਦ ਮਾਲਵੇ ਦੀ ਧਰਤੀ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਧਰਮ ਯੁੱਧ ਸ਼ੁਰੂ ਹੋ ਗਿਆ ਅਤੇ ਹੋਰ ਆਗੂ ਮੈਦਾਨ ਵਿੱਚ ਨਿੱਤਰ ਆਏ ਹਨ। ਚਰਚਾ ਹੈ ਕਿ ਜੇਕਰ ਅਕਾਲੀ ਦਲ ਨੇ ਸਾਹੋਕੇ ਨੂੰ ਟਿਕਟ ਨਾ ਦਿੱਤੀ ਤਾਂ ਉਹ ਆਜ਼ਾਦ ਚੋਣ ਲੜ ਸਕਦੇ ਹਨ। ਹਾਲਾਂਕਿ ਉਹ ਆਖ ਰਹੇ ਹਨ ਕਿ ਪਾਰਟੀ ਦਾ ਫ਼ੈਸਲਾ ਸਿਰ ਮੱਥੇ ਪ੍ਰਵਾਨ ਹੋਵੇਗਾ।
ਇਸ ਰਾਖਵੇਂ ਹਲਕੇ ਚ ਸੁਲਗ ਰਹੀ ਚਿੰਗਿਆੜੀ ਦੇ ਭਾਂਬੜ ਬਣ ਜਾਣ ਤੋਂ ਬਾਅਦ ਪਾਰਟੀ ’ਚ ਅੰਦਰੂਨੀ ਲੜਾਈ ਹਰ ਹੱਟੀ ਭੱਠੀ ਤੇ ਆ ਗਈ ,ਜਿਸ ਨੇ ਅਕਾਲੀ ਦਲ ਬਾਦਲ ਨੂੰ ਡੂੰਘੇ ਸੰਕਟ ਚ ਪਾ ਦਿੱਤਾ ਹੈ । ਕਿਸੇ ਸਮੇਂ ਸੀਪੀਆਈ ਦਾ ਗੜ੍ਹ ਮੰਨੇ ਜਾਂਦੇ ਇਸ ਹਲਕੇ ਵਿੱਚ ਤਿਕੋਣੀ ਟੱਕਰ ਕਾਰਨ ਰਣ ਭੂਮੀ ਬਣਿਆ ਹੋਇਆ ਹੈ। ਇਸ ਹਲਕੇ ਤੋਂ ਆਮ ਆਦਮੀ ਪਾਰਟੀ ‘ਆਪ’ ਸੁਬਾਈ ਕਾਨੂੰਨੀ ਸੈੱਲ ਪ੍ਰਧਾਨ ਸੇਵਾ ਮੁਕਤ ਜਸਟਿਸ ਜ਼ੋਰਾ ਸਿੰਘ ਵੱਲੋਂ ਤਾਲ ਠੋਕਣ ਨਾਲ ਇਸ ਹਲਕੇ ਤੋਂ ‘ਆਪ’ ਦੇ ਮੌਜੂਦਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਵੀ ਫ਼ਿਕਰਾਂ ਵਿੱਚ ਪਾ ਦਿੱਤਾ ਗਿਆ ਹੈ। ਕਾਂਗਰਸ ਵੱਲੋਂ ਅਕਾਲੀ ਪਿਛੋਕੜ ਦੀ ਸਾਬਕਾ ਅਕਾਲੀ ਵਿਧਾਇਕ ਰਾਜਵਿੰਦਰ ਕੌਰ ਭਾਗੀਕੇ ਦੀਆਂ ਚੋਣ ਸਰਗਰਮੀਆਂ ਸਿਖਰਾਂ ਉੱਤੇ ਹਨ।