ਪੱਤਰ ਪ੍ਰੇਰਕ
ਭਗਤਾ ਭਾਈ, 7 ਜੂਨ
ਪੰਜਾਬ ਦੇ ਹੜਤਾਲ ’ਤੇ ਚੱਲ ਰਹੇ ਮਾਲ ਮਹਿਕਮੇ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਮੁਅੱਤਲ ਕੀਤੇ ਗਏ ਤਹਿਸੀਲਦਾਰਾਂ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਮਾਲ ਮਹਿਕਮੇ ਦੇ ਅਧਿਕਾਰੀ ਸਰਕਾਰ ਦੀਆਂ ਗਲਤ ਨੀਤੀਆਂ ਦਾ ਖ਼ਮਿਆਜ਼ਾ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਮਾਲ ਮਹਿਕਮੇ ਦੇ ਕਮਿਸ਼ਨਰ ਵੱਲੋਂ ਹੀ ਅਧਿਕਾਰਤ ਤੇ ਅਣਅਧਿਕਾਰਤ ਕਲੋਨੀਆਂ ਦੀ ਨਿਸ਼ਾਨਦੇਹੀ ਕਰਕੇ ਰਜਿਸਟਰੀਆਂ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਰਜਿਸਟਰੀਆਂ ਕਰਨ ਵਾਲੇ ਤਹਿਸੀਲਦਾਰ ਨੂੰ ਸਰਕਾਰ ਨੇ ਮੁਅੱਤਲ ਕਰ ਦਿੱਤਾ। ਮਲੂਕਾ ਨੇ ਦੋਸ਼ ਲਗਾਏ ਕਿ ਮੌਜੂਦਾ ਸਰਕਾਰ ਲਗਾਤਾਰ ਵਾਹ ਵਾਹ ਖੱਟਣ ਲਈ ਜਲਦਬਾਜ਼ੀ ਵਿਚ ਗਲਤ ਫੈਸਲੇ ਕਰ ਰਹੀ ਹੈ ਅਤੇ ਸਰਕਾਰ ਨੂੰ ਲਏ ਗਏ ਫ਼ੈਸਲਿਆਂ ਤੋਂ ਕਈ ਵਾਰ ਪਿੱਛੇ ਹਟਣਾ ਪਿਆ ਹੈ। ਉਨ੍ਹਾਂ ਕਿਹਾ ਕਿ ਤਹਿਸੀਲਦਾਰਾਂ ਨੂੰ ਵੀ ਬਿਨਾਂ ਕਿਸੇ ਪੜਚੋਲ ਤੋਂ ਜਲਦਬਾਜ਼ੀ ’ਚ ਮੁਅੱਤਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਤੁਰੰਤ ਮਾਲ ਮਹਿਕਮੇ ਦੇ ਕਮਿਸ਼ਨਰ ਵੱਲੋਂ ਜਾਰੀ ਨੋਟੀਫਿਕੇਸ਼ਨ ਦੀ ਪੜਤਾਲ ਕਰਨੀ ਚਾਹੀਦੀ ਹੈ ਤੇ ਮੁਅੱਤਲ ਕੀਤੇ ਗਏ ਤਹਿਸੀਲਦਾਰਾਂ ਨੂੰ ਬਹਾਲ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਲ ਮਹਿਕਮੇ ਦੀ ਹੜਤਾਲ ਕਾਰਨ ਲੱਖਾਂ ਲੋਕਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ।