ਜੋਗਿੰਦਰ ਮਾਨ/ਜੀਵਨ ਕ੍ਰਾਂਤੀ/ਸੁਰਜੀਤ ਵਸ਼ਿਸ਼ਟ
ਮਾਨਸਾ (ਝੁਨੀਰ), 4 ਦਸੰਬਰ
ਅਕਾਲੀ ਦਲ ਸੰਯੁਕਤ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬਾਦਲ ਦਲ ਨੂੰ ਛੱਡਕੇ ਭਾਜਪਾ ਸਮੇਤ ਦੂਜੀਆਂ ਸਿਆਸੀ ਧਿਰਾਂ ਵਿੱਚ ਜਾਣ ਵਾਲੇ ਆਗੂਆਂ ਲਈ ਮੁੱਖ ਰੂਪ ਵਿੱਚ ਬਾਦਲ ਤੇ ਕੰਪਨੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਜਦੋਂ ਪਾਰਟੀ ਉੱਤੇ ਇੱਕ ਪਰਿਵਾਰ ਦਾ ਕਬਜ਼ਾ ਹੋ ਜਾਵੇ ਤਾਂ ਉਹ ਸਿਆਸੀ ਧਿਰ ਲੰਬਾ ਸਮਾਂ ਲੋਕਾਂ ਵਿੱਚ ਟਿਕ ਨਹੀਂ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਗਾਂਧੀ ਪਰਿਵਾਰ ਅਤੇ ਅਕਾਲੀ ਦਲ ਵਿੱਚ ਬਾਦਲ ਪਰਿਵਾਰ ਨੇ ਆਪਣੀ ਅਜ਼ਾਰੇਦਾਰੀ ਕਾਇਮ ਰੱਖਣ ਲਈ ਸਾਰੀ-ਸਾਰੀ ਉਮਰ ਪੰਥ ਦੇ ਲੇਖੇ ਲਾਉਣ ਵਾਲਿਆਂ ਨੂੰ ਬਲੀ ਦਾ ਬੱਕਰਾ ਬਣਾਇਆ ਜਿਸ ਕਰਕੇ ਇਨ੍ਹਾਂ ਪਾਰਟੀਆਂ ਦਾ ਦੇਸ਼ ਵਿੱਚੋਂ ਨਾਮੋ-ਨਿਸ਼ਾਨ ਖ਼ਤਮ ਹੋਣ ਵੱਲ ਜਾ ਰਿਹਾ ਹੈ। ਉਹ ਅੱਜ ਝੁਨੀਰ ਵਿੱਚ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ ਗੱਲਬਾਤ ਕਰ ਰਹੇ ਸਨ। ਸ੍ਰੀ ਢੀਂਡਸਾ ਨੇ ਕਿਹਾ ਕਿ ਪੰਜਾਬ ਸੂਬੇ ਨੂੰ ਅਕਾਲੀ ਅਤੇ ਕਾਂਗਰਸੀਆਂ ਨੇ ਕੰਗਾਲ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਲਗਾਤਾਰ 10 ਸਾਲ ਬਾਦਲਾਂ ਨੇ ਪੰਜਾਬ ਲਈ ਕੁੱਝ ਨਹੀਂ ਕੀਤਾ, ਹੁਣ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਵੀ ਉਸੇ ਰਸਤੇ ਤੁਰ ਪਏ ਹਨ। ਉਨ੍ਹਾਂ ਕਿਹਾ ਕਿ ਅਕਾਲੀ, ਕਾਂਗਰਸੀ ਅਤੇ ਆਮ ਆਦਮੀ ਪਾਰਟੀ ਵਾਲੇ ਲਾਲਚ ਦੇ ਕੇ ਅਸਿੱਧੇ ਤੌਰ ’ਤੇ ਲੋਕਾਂ ਦੀਆਂ ਵੋਟਾਂ ਖ਼ਰੀਦਣੀਆਂ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਪਾਰਟੀ ਨਾਲ ਅਜੇ ਤੱਕ ਗੱਠਜੋੜ ਕਰਨ ਦਾ ਕੋਈ ਵਿਚਾਰ ਨਹੀਂ ਹੈ।