ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 15 ਨਵੰਬਰ
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪਿੰਡ ਵਿਚ ਦਿ ਸੰਧਵਾਂ ਬਹੁਮੰਤਵੀ ਸਹਿਕਾਰੀ ਸੁਸਾਇਟੀ ਦੇ ਦਫ਼ਤਰ ਮੂਹਰੇ ਅੱਜ ਪੂਰਾ ਦਿਨ ਮਾਹੌਲ ਗਹਿਮਾ-ਗਹਿਮੀ ਵਾਲਾ ਰਿਹਾ। ਪ੍ਰ੍ਰਸ਼ਾਸਨ ਵੱਲੋਂ ਪਿੰਡ ਸੰਧਵਾਂ ਤੇ ਜਲਾਲੇਆਣਾ ਦੀ ਸਾਂਝੀ ਸੁਸਾਇਟੀ ਮੈਂਬਰਾਂ ਦੀ ਅੱਜ ਚੋਣ ਦਾ ਸਮਾਂ ਤੈਅ ਕੀਤਾ ਗਿਆ ਸੀ। ਲੰਮੇ ਸਮੇਂ ਤੋਂ ਇਸ ਸੁਸਾਇਟੀ ’ਤੇ ਕਾਬਜ਼ ਰਿਹਾ ਅਕਾਲੀ ਦਲ ਇਸ ਵਾਰ ਸੁਸਾਇਟੀ ਮੈਂਬਰਾਂ ਦੀ ਚੋਣ ਵਿੱਚ ਹਿੱਸਾ ਲੈਣੋਂ ਖੁੰਝ ਗਿਆ।
ਸੀਨੀਅਰ ਅਕਾਲੀ ਆਗੂ ਮਨਤਾਰ ਸਿੰਘ ਬਰਾੜ ਨੇ ਚੋਣ ਪ੍ਰਕਿਰਿਆ ਵਿੱਚ ਸਰਕਾਰ ਦੀ ਕਥਿਤ ਧੱਕੇਸ਼ਾਹੀ ਹੋਣ ਦਾ ਦੋਸ਼ ਲਾਉਂਦਿਆਂ ਆਖਿਆ ਕਿ ਚੋਣ ਲੜਣ ਦੇ ਚਾਹਵਾਨ ਉਮੀਦਵਾਰਾਂ ਨੂੰ ਚੋਣ ਅਧਿਕਾਰੀ ਨੇ ਨਿਧਾਰਤ ਪ੍ਰੋਫਾਰਮੇ ਨਹੀਂ ਦਿੱਤੇ। ਉਨ੍ਹਾਂ ਦੀ ਪਾਰਟੀ ਦੇ ਸਿਰਫ 4 ਵਰਕਰ ਹੀ ਪ੍ਰੋਫਾਰਮੇ ਲੈਣ ਵਿਚ ਸਫ਼ਲ ਹੋ ਸਕੇ। ਜਦੋਂ ਉਹ ਇਹ ਪ੍ਰੋਫਾਰਮੇ ਜਮ੍ਹਾਂ ਕਰਵਾਉਣ ਗਏ ਤਦ ਉਨ੍ਹਾਂ ਨੂੰ ਚੋਣ ਅਧਿਕਾਰੀ ਨੇ ਸਮਾਂ ਖ਼ਤਮ ਹੋਣ ਦਾ ਹਵਾਲਾ ਦੇ ਕੇ ਵਾਪਸ ਮੋੜ ਦਿੱਤਾ। ਉਨ੍ਹਾਂ ਆਖਿਆ ਕਿ ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਲੋਕਤੰਤਰ ਦਾ ਘਾਣ ਕੀਤਾ ਹੈ।
ਮੌਕੇ ਤੇ ਮੌਜੂਦ ਵਿਧਾਨ ਸਭਾ ਸਪੀਕਰ ਦੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਨੇ ਆਖਿਆ ਕਿ ਚੋਣ ਪਾਰਦਰਸ਼ੀ ਪ੍ਰਕਿਰਿਆ ਨਾਲ ਸੰਪੰਨ ਹੋਈ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਚੋਣ ਦਾ ਸਮਾਂ ਸਵੇਰੇ 9 ਤੋਂ 11 ਵਜੇ ਤੱਕ ਰੱਖਿਆ ਗਿਆ ਸੀ। ਇਸ ਸੁਸਾਇਟੀ ਦੀ ਮਿਆਦ 31 ਅਕਤੂੁੁਬਰ 2019 ਨੂੰ ਖ਼ਤਮ ਹੋ ਗਈ ਸੀ। ਸੁਸਾਇਟੀ ਵਿਚ ਕੁੱਲ 618 ਵੋਟਾਂ ਹਨ ਅਤੇ ਇਸ ਦੇ ਦਸ ਮੈਂਬਰ ਚੁਣੇ ਜਾਂਦੇ ਹਨ। ਉਨ੍ਹਾਂ ਵਿਰੋਧੀਆਂ ਦੇ ਦੋਸ਼ਾਂ ਬਾਰੇ ਆਖਿਆ ਕਿ ਚੋਣ ਨਿਰਧਾਰਤ ਪ੍ਰੋਫਾਰਮ ਆਨਲਾਈਨ ਪ੍ਰਕਿਰਿਆ ਰਾਹੀਂ ਭਰੇ ਜਾ ਰਹੇ ਸਨ। ਸੁਸਾਇਟੀ ਦੀ ਚੋਣ ਹੋਣ ਨਾਲ ਕਿਸਾਨ ਨੂੰ ਇਸ ਦਾ ਫਾਇਦਾ ਹੋਵੇਗਾ। ਡਿਪਟੀ ਕਮਿਸ਼ਨਰ ਫ਼ਰੀਦਕੋਟ ਵਿਨੀਤ ਕੁਮਾਰ ਮੁਤਾਬਕ ਚੋਣ ਪ੍ਰਕਿਰਿਆ ਮੁਕੰਮਲ ਕਰਕੇ ਸੁਸਾਇਟੀ ਦੇ ਦਸ ਮੈਂਬਰ ਸਰਬਸੰਮਤੀ ਨਾਲ ਚੁਣੇ ਗਏ ਹਨ। ਉਨ੍ਹਾਂ ਆਖਿਆ ਕਿ ਇਨ੍ਹਾਂ ਮੈਂਬਰਾਂ ਵਿੱਚ ਹਰਵਿੰਦਰ ਸਿੰਘ, ਸੁਖਦੇਵ ਸਿੰਘ, ਜਰਨੈਲ ਸਿੰਘ, ਜਗਜੀਤ ਸਿੰਘ, ਬਲਜੀਤ ਕੌਰ, ਸਿਮਰਜੀਤ ਕੌਰ, ਰਾਜਵਿੰਦਰ ਸਿੰਘ, ਬਾਬੂ ਰਾਮ, ਨਿਰਮਲ ਸਿੰਘ ਅਤੇ ਜਸਵੀਰ ਸਿੰਘ ਹਨ।