ਪੱਤਰ ਪ੍ਰੇਰਕ
ਮਾਨਸਾ, 10 ਜੁਲਾਈ
ਮੈਡੀਕਲ ਪ੍ਰੈਕਟੀਸਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਰਜਿਸਟ੍ਰੇਸ਼ਨ ਦੀ ਅਣਹੋਂਦ ਅਤੇ ਨਸ਼ੇ ਦੀ ਆੜ ਹੇਠ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੂਚੀਆਂ ਬਣਾ ਕੇ ਬੇਵਜ੍ਹਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਜਥੇਬੰਦੀ ਦੇ ਇੱਕ ਇਕੱਠ ਦੌਰਾਨ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੀਆਂ ਸਲੱਮ ਬਸਤੀਆਂ ਅੰਦਰ 24 ਘੰਟੇ, ਸਾਫ ਸੁਥਰੀਆਂ ਅਤੇ ਸੌਖੀਆਂ ਮੁੱਢਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਬੇਵਜ੍ਹਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਦੋਂ ਕਿ ਇਨ੍ਹਾਂ ਤੋਂ ਸਿਹਤ ਸੇਵਾਵਾਂ ਲੈਣ ਵਾਲੇ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਚੋਣਾਂ ਮੌਕੇ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਮਾਨਤਾ ਦੇਣ ਸਬੰਧੀ ਵਾਅਦੇ ਵੀ ਕੀਤੇ, ਪ੍ਰੰਤੂ ਸਰਕਾਰ ਬਣਨ ’ਤੇ ਕੀਤੇ ਵਾਅਦਿਆਂ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਜਾਂਦਾ ਰਿਹਾ। ਇਸ ਮੌਕੇ ਪ੍ਰੇਮ ਗਰਗ, ਸੱਤਪਾਲ ਰਿਸ਼ੀ, ਤਾਰਾ ਚੰਦ ਭਾਵਾ, ਰਘਵੀਰ ਚੰਦ ਸ਼ਰਮਾ, ਸਿਮਰਜੀਤ ਸਿੰਘ ਗਾਗੋਵਾਲ, ਅਮਰੀਕ ਸਿੰਘ ਮਾਖਾ ਵੀ ਮੌਜੂਦ ਸਨ।