ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 6 ਅਕਤੂਬਰ
ਪਿਛਲੇ ਲੰਬੇ ਸਮੇਂ ਤੋਂ ਪਾਣੀ ਦੀ ਨਿਕਾਸੀ ਨਾਲ ਜੂਝ ਰਹੇ ਪਿੰਡ ਕੋਟਲੀ ਸੰਘਰ ਵਿਖੇ ਹੁਣ ਜਦ ਪੰਜਾਬ ਮੰਡੀ ਬੋਰਡ ਵੱਲੋਂ ਕਰੀਬ 51 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਦੀ ਅੰਦਰੂਨੀ ਫਿਰਨੀ ਦੇ ਕੰਮ ਵਿੱਚ ਬੇਨਿਯਮੀਆਂ ਉਭਰਨੀਆਂ ਸ਼ੁਰੂ ਹੋ ਗਈਆਂ ਹਨ।
ਪਿੰਡ ਵਾਸੀਆਂ ਫਕੀਰ ਸਿੰਘ, ਓਮ ਪ੍ਰਕਾਸ਼, ਰਾਜਿੰਦਰ ਸਿੰਘ, ਦਲਜੀਤ ਸਿੰਘ, ਸੁਖਵਿੰਦਰ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਕੌਰ, ਮਨਜਿੰਦਰ ਕੌਰ ਤੇ ਹੋਰਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਦੱਸਿਆ ਕਿ ਫਿਰਨੀ ਦੇ ਨਾਲ-ਨਾਲ ਬਣਾਈ ਜਾ ਰਹੀਆਂ ਨਿਕਾਸੀ ਨਾਲੀਆਂ ’ਚ ਮਟੀਰੀਅਲ ਦੀ ਘਾਟ ਕਾਰਨ ਇਹ ਨਾਲੀਆਂ ਨਾਲੋਂ ਢਹਿ ਢੇਰੀ ਹੋ ਰਹੀਆਂ ਹਨ। ਇਸਤੋਂ ਇਲਾਵਾ ਬੇਢੰਗੇ ਨਿਕਾਸੀ ਪ੍ਰਬੰਧ ਅਤੇ ਸੜਕ ਦੇ ਨਿਰਮਾਣ ਕਾਰਨ ਭਵਿੱਖ ‘ਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਵਿਕਾਸ ਕਾਰਜਾਂ ਦਾ ਨਿਰਮਾਣ ਕੰਮ ਅਣ-ਸਿੱਖਿਅਤ ਲੋਕਾਂ ਹੱਥ ਦੇ ਕੇ ਠੇਕੇਦਾਰ ਅਤੇ ਅਧਿਕਾਰੀ ਲੰਮੀਆਂ ਤਾਣ ਕੇ ਸੌਂ ਗਏ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ।
ਜੇਈ ਨੂੰ ਭੇਜ ਕੇ ਪੜਤਾਲ ਕਰਾਵਾਂਗੇ: ਐਕਸੀਅਨ
ਮੰਡੀ ਬੋਰਡ ਦੇ ਐਕਸੀਅਨ ਜਗਰੂਪ ਸਿੰਘ ਨੇ ਕਿਹਾ ਉਹ ਜਲਦੀ ਹੀ ਜੇਈ ਨੂੰ ਭੇਜ ਕੇ ਸਾਰੇ ਮਾਮਲੇ ਦੀ ਪੜਤਾਲ ਕਰਾਉਣਗੇ ਤੇ ਕਾਰਵਾਈ ਕੀਤੀ ਜਾਵੇਗੀ।