ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਪਿਛਲੇ ਅੱਠ ਦਿਨਾਂ ਤੋਂ ਦਿਨ-ਰਾਤ ਦੇ ਧਰਨੇ ’ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੁਜ਼ਾਹਰਾਕਾਰੀਆਂ ਨੇ ਮੁਕਤਸਰ ਦੇ ਡੀਸੀ ਦਫ਼ਤਰ ਦਾ ਮੁਕਮੰਲ ਘਿਰਾਓ ਕਰ ਦਿੱਤਾ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਹਰਬੰਸ ਸਿੰਘ ਕੋਟਲੀ, ਗੁਰਾਂਦਿੱਤਾ ਸਿੰਘ ਭਾਗਸਰ, ਗੁਰਭਗਤ ਸਿੰਘ ਭਲਾਈਆਣਾ, ਭੁਪਿੰਦਰ ਸਿੰਘ ਚੰਨੂ, ਗੁਰਪਾਸ਼ ਸਿੰਘ ਸਿੰਘੇਵਾਲਾ, ਗੁਰਮੀਤ ਸਿੰਘ ਬਿੱਟੂ ਮੱਲਣ ਹੋਰਾਂ ਨੇ ਕਿਹਾ ਕਿ ਗੁਲਾਬੀ ਸੁੰਢੀ ਨਾਲ ਨਰਮੇ ਅਤੇ ਝੋਨੇ ਦੀ ਤਬਾਹੀ ਤੇ ਪੰਜ ਏਕੜ ਤੱਕ ਮੁਆਵਜ਼ਾ ਦੇਣ ਅਤੇ ਹੋਰ ਮੰਗਾਂ ਤੋਂ ਚੁੱਪ ਵੱਟਣ ਤੋਂ ਖ਼ਫ਼ਾ ਹੋ ਕੇ ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਗਿਆ। ਡਿਪਟੀ ਕਮਿਸ਼ਨਰ ਸਣੇ ਦਰਜਨ ਭਰ ਅਧਿਕਾਰੀ ਆਪਣੇ ਦਫ਼ਤਰਾਂ ਵਿਚ ‘ਕੈਦ’ ਹੋ ਕੇ ਰਹਿ ਗਏ। ਇਸੇ ਤਰ੍ਹਾਂ ਆਮ ਲੋਕਾਂ ਦੇ ਸੈਂਕੜੇ ਵਾਹਨ ਵੀ ਦਫ਼ਤਰ ਵਿੱਚ ਬੰਦ ਹੋ ਗਏ। ਇਸ ਦੌਰਾਨ ਕਿਸਾਨਾਂ ਨੇ ਅੰਗਹੀਣ ਤੇ ਹੋਰ ਮਜਬੂਰ ਲੋਕਾਂ ਨੂੰ ਦਫ਼ਤਰ ਵਿੱਚੋਂ ਜਾਣ ਵਾਸਤੇ ਰਸਤਾ ਦੇ ਦਿੱਤਾ। ਕਿਸਾਨਾਂ ਨੇ ਲੰਗਰ-ਪਾਣੀ ਵੀ ਡੀਸੀ ਦਫਤਰ ਮੂਹਰੇ ਹੀ ਛਕਿਆ।