ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 2 ਨਵੰਬਰ
ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਨੇ ਕਿਹਾ ਕਿ ਪੰਜਾਬ ਮੰਤਰੀ ਮੰਡਲ ਵੱਲੋਂ 1 ਨਵੰਬਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲ ਰਹੇ ਮਹਿੰਗਾਈ ਭੱਤੇ ਨੂੰ 1 ਜੁਲਾਈ 2021 ਤੋਂ 17 ਫ਼ੀਸਦੀ ਤੋਂ ਵਧਾ ਕੇ 28 ਫ਼ੀਸਦੀ ਕਰਨਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਸੰਘਰਸ਼ ਦੀ ਅੰਸ਼ਿਕ ਜਿੱਤ ਹੈ। ਫਰੰਟ ਦੇ ਆਗੂ ਕੁਲਵੰਤ ਸਿੰਘ ਚਾਨੀ, ਪ੍ਰਦੀਪ ਸਿੰਘ ਬਰਾੜ, ਸੋਮ ਨਾਥ ਅਰੋੜਾ, ਗੁਰਚਰਨ ਸਿੰਘ ਮਾਨ, ਪ੍ਰੇਮ ਚਾਵਲਾ, ਸ਼ਿੰਦਰਪਾਲ ਸਿੰਘ ਢਿੱਲੋਂ, ਕੁਲਦੀਪ ਸਿੰਘ ਸਹਿਦੇਵ, ਸੁਖਚੈਨ ਸਿੰਘ ਰਾਮਸਰ ਨੇ ਕਿਹਾ ਕਿ ਡੀ.ਏ. ਦੀ ਪ੍ਰਾਪਤੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਸੰਘਰਸ਼ ਦਾ ਸਿੱਟਾ ਹੈ। ਮੁਲਾਜ਼ਮ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ, ਸੋਧੇ ਗਏ ਤਨਖ਼ਾਹ ਸਕੇਲਾਂ ਅਨੁਸਾਰ 1 ਜਨਵਰੀ 2016 ਤੋਂ 30 ਜੁਲਾਈ 2021 ਤੱਕ ਸੋਧੀਆਂ ਤਨਖਾਹਾਂ ਪੈਨਸ਼ਨਾਂ ਤੇ ਮਹਿੰਗਾਈ ਭੱਤੇ ਦਾ ਸਾਰਾ ਬਕਾਇਆ ਤੁਰੰਤ ਦਿੱਤਾ ਜਾਵੇ, ਸਮੂਹ ਵਿਭਾਗਾਂ ਵਿਚ ਕੰਮ ਕਰਦੇ ਕੱਚੇ ਕਰਮਚਾਰੀਆਂ ਨੂੰ ਪੂਰੀਆਂ ਤਨਖਾਹਾਂ ਤੇ ਰੈਗੂਲਰ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਮਿੱਡ-ਡੇਅ ਮੀਲ ਵਰਕਰਾਂ, ਆਸ਼ਾ ਵਰਕਰਾਂ, ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਤੇ ਘੱਟੋ-ਘੱਟ ਉਜਰਤ ਕਾਨੂੰਨ ਲਾਗੂ ਕਰ ਕੇ ਘੱਟੋ-ਘੱਟ 26000 ਰੁਪਏ ਤਨਖਾਹ ਦਿੱਤੀ ਜਾਵੇ ਅਤੇ ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਆਗੂਆਂ ਨਾਲ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵਲੋਂ ਤੁਰੰਤ ਮੀਟਿੰਗ ਕਰਕੇ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ।