ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 18 ਅਗਸਤ
ਮੋਗਾ ਦੇ ਪਿੰਡ ਮਹਿਰੋਂ ਦਾ ਇਕ 80 ਸਾਲ ਦਾ ਬਜ਼ੁਰਗ ਅੱਜ ਮੋਨੋਸਿਲ ਕੀਟਨਾਸ਼ਕ ਲੈ ਕੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਿਆ। ਉਸ ਨੇ ਉਸ ਦੇ ਬੈਂਕ ਖਾਤੇ ’ਚੋਂ ਧੋਖੇ ਨਾਲ ਅੱਠ ਲੱਖ ਰੁਪਏ ਦੇ ਕਰੀਬ ਕਢਵਾਉਣ ਵਾਲੇ ਪਿੰਡ ਦੇ ਕੁਝ ਵਿਅਕਤੀਆਂ ਖ਼ਿਲਾਫ਼ ਕਾਰਵਾਈ ਨਾ ਹੋਣ ਦੇ ਦੋਸ਼ ਲਗਾਏ।
ਬਜ਼ੁਰਗ ਬਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਕੁਝ ਵਿਅਕਤੀਆਂ ਨੇ ਉਸ ਨੂੰ ਭਰੋਸੇ ਵਿੱਚ ਲੈ ਕੇ ਬੈਂਕ ਖਾਤਾ ਖੁੱਲਵਾ ਲਿਆ ਅਤੇ ਚੈੱਕਬੁੱਕ ਆਦਿ ਰਾਹੀਂ ਉਸ ਦੇ ਖਾਤੇ ’ਚੋਂ 8.62 ਲੱਖ ਰੁਪਏ ਕਢਵਾ ਲਏ ਅਤੇ ਉਸ ਦੀ ਅੱਠ ਕਨਾਲ 15 ਮਰਲੇ ਜ਼ਮੀਨ ਵੀ ਹੜੱਪ ਲਈ। ਉਸ ਨੇ ਕਿਹਾ ਕਿ ਉਹ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਲਈ ਚਾਰ ਸਾਲਾਂ ਤੋਂ ਸਰਕਾਰੀ ਦਰਬਾਰੇ ਚਾਰਾਜੋਈ ਕਰ ਕੇ ਅੱਕ ਗਿਆ ਹੈ। ਅਕਾਲੀ ਦਲ ਤੇ ਕਾਂਗਰਸ ਪਿੱਛੋਂ ‘ਆਪ’ ਵਾਲਿਆਂ ਨੇ ਵੀ ਉਸ ਦੀ ਗੱਲ ਨਹੀਂ ਸੁਣੀ। ਉਸ ਨੇ ਕਿਹਾ, ‘‘ਹੁਣ ਅੱਕ ਕੇ ਮੋਨੋਸਿਲ ਕੀਟਨਾਸ਼ਕ ਦਵਾਈ ਬੋਤਲ ਵਿੱਚ ਪਾ ਕੇ ਟੈਂਕੀ ’ਤੇ ਚੜ੍ਹਾ ਬੈਠਾਂ ਹਾਂ।’’ ਇਸ ਬਜ਼ੁਰਗ ਨੇ ਮੰਗ ਕੀਤੀ ਕਿ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਉਸ ਦੇ ਪੈਸੇ ਤੇ ਜ਼ਮੀਨ ਵਾਪਸ ਕਰਵਾਈ ਜਾਵੇ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਮੁਖੀ ਇਕਬਾਲ ਹੁਸੈਨ ਬਰਜਿੰਦਰ ਸਿੰਘ ਪਿੰਡ ਦੇ ਪਤਵੰਤੇ ਵਿਅਕਤੀਆਂ ਰਾਹੀਂ ਇਸ ਬਜ਼ੁਰਗ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸਨ।