ਲਖਵੀਰ ਸਿੰਘ ਚੀਮਾ
ਟੱਲੇਵਾਲ, 15 ਨਵੰਬਰ
ਪਿੰਡ ਦੀਵਾਨਾ ਦੇ ‘ਖੇਡ ਮੈਦਾਨ’ ਵੱਲੋਂ ਦੀਵਾਲੀ ਮੌਕੇ ਬੱਚਿਆਂ ਨੂੰ ਬਦਲ ਦਿੱਤਾ ਗਿਆ। ਬੱਚਿਆਂ ਵਲੋਂ ਬਿਨਾਂ ਪਟਾਕੇ ਚਲਾਏ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਂਦੇ ਹੋਏ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ। ਬੱਚਿਆਂ ਦੇ ਰੋਜ਼ਾਨਾ ਅਭਿਆਸ ਤੋਂ ਬਾਅਦ ਬੋਰੀ ਦੌੜ, ਚਮਚਾ ਦੌੜ, ਹੌਲੀ ਸਾਈਕਲ ਦੌੜ, 200 ਮੀਟਰ, 400 ਮੀਟਰ ਦੌੜਾਂ ਕਰਵਾਈਆਂ ਗਈਆਂ। ਬੱਚਿਆਂ ਨੂੰ ਛੇ ਗਰੁੱਪਾਂ ’ਚ ਵੰਡ ਕੇ ਮੁਕਾਬਲੇ ਕਰਵਾਏ ਗਏ। ਜਿਸ ’ਚ ਛੋਟੇ ਬੱਚਿਆਂ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ। ਫਿਰ ਬੱਚਿਆਂ ਰੰਗੋਲੀ, ਲੜੀਆਂ, ਬਣਾਉਟੀ ਫੁੱਲਾਂ ਨਾਲ ਮੈਦਾਨ ਦੇ ਸਟੇਜ ਨੂੰ ਸਜਾਇਆ। ਰੰਗੋਲੀ ’ਚ ਲੜਕੀਆਂ ਦੀ ਕਲਾਕਾਰੀ ਵੇਖਣਯੋਗ ਸੀ। ‘ਦੰਗਲ’ ਫ਼ਿਲਮ ਦੇ ਸ਼ੋਅ ’ਚ ਸਵਾਦਾਂ, ਗੀਤ-ਸੰਗੀਤ ਨੇ ਬੱਚਿਆਂ ਨੂੰ ਅੱਖ ਨਾ ਝਪਕਣ ਦਿੱਤੀ। ਬੱਚਿਆਂ ਨੇ ਚੰਗੇ ਗੀਤਾਂ ’ਤੇ ਨਾਚ ਕੀਤਾ ਤੇ ਗੀਤ ਗਾਏ। ਪੁਸਤਕਾਂ ਦੀ ਮਹੱਤਤਾ ਬਾਰੇ ਬੱਚਿਆਂ ਨਾਲ ਗੱਲਬਾਤ ਕੀਤੀ ਗਈ। ਬੱਚਿਆਂ ਨੂੰ ਚੰਗੀ ਖੁਰਾਕ ਦਿੱਤੀ ਗਈ। ਸ਼ਾਮ ਨੂੰ ਦੀਵੇ ਲਾ ਕੇ ਅਥਲੈਟਿਕਸ ਦੇ ਟਰੈਕ ਨੂੰ ਚਮਕਾਇਆ ਗਿਆ।
ਪਹਿਲਾਂ ਨਾਲੋਂ 50-60ਫੀਸਦੀ ਪਟਾਕੇ ਘੱਟ ਚੱਲੇ। ਸਮੂਹ ਪਿੰਡ ਵਾਸੀਆਂ, ਸਰਪੰਚ ਰਣਧੀਰ ਸਿੰਘ ਨੇ ਇਸ ਮਾਹੌਲ ਦੀ ਸ਼ਲਾਘਾ ਕੀਤੀ ਅਤੇ ਪਿੰਡ ਵਾਸੀਆਂ ਨੂੰ ਇਸ ਤਰ੍ਹਾਂ ਨਵੇਂ ਚੰਗੇ ਕਾਰਜਾਂ ’ਚ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ।
ਖੇਡ ਮੈਦਾਨ ਦੀਵਾਨਾ ਵੱਲੋਂ ਬਲਰਾਜ ਢਿੱਲੋਂ, ਜੱਗੀ ਬੜਿੰਗ ਦੀਵਾਨਾ ਅਤੇ ਗੁਰਦੀਪ ਸਿੰਘ ਆਦਿ ਨੇ ਕਿਹਾ ਕਿ ਸਾਡੀ ਇਹ ਪਹਿਲੀ ਕੋਸ਼ਿਸ਼ ਸੀ। ਜਿਸ ਵਿੱਚ ਅਸੀਂ ਕਾਮਯਾਬ ਰਹੇ, ਭਵਿੱਖ ਵਿੱਚ ਉਸਾਰੂ, ਲੋਕਪੱਖੀ ਵਿਚਾਰਾਂ ਨੂੰ ਲਾਗੂ ਕਰਨ ਲਈ ਪੂਰੀ ਕੋਸ਼ਿਸ਼ ਕਰਾਂਗੇ।
ਰੌਸ਼ਨੀਆਂ ਦੇ ਤਿਉਹਾਰ ’ਤੇ ਦਿਮਾਗ਼ਾਂ ਨੂੰ ਰੌਸ਼ਨ ਕਰਨ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬ੍ਰੇਰੀ ਦੀਵਾਨਾ ਵੱਲੋਂ ਸ਼ਾਮ 2 ਤੋਂ 5 ਵਜੇ ਤੱਕ ਪੁਸਤਕ ਪ੍ਰਦਰਸ਼ਨੀ ਲਾਈ ਗਈ। ਜਿਸ ’ਚ ਪਿੰਡ ਦੇ ਨੌਜਵਾਨ ਉਤਸ਼ਾਹ ਨਾਲ ਆਏ, ਪੁਸਤਕਾਂ ਨੂੰ ਨਿਹਾਰਿਆ ਤੇ ਪੜ੍ਹਨ ਲਈ ਪੁਸਤਕਾਂ ਲੈ ਕੇ ਗਏ।