ਬਲਜੀਤ ਸਿੰਘ
ਸਰਦੂਲਗੜ੍ਹ, 1 ਸਤੰਬਰ
ਅਨਾਜ ਮੰਡੀ ਸਰਦੂਲਗੜ੍ਹ ਦੀ ਕੀਤੀ ਗਈ ਚਾਰਦੀਵਾਰੀ ਦੌਰਾਨ ਗੈਰਕਾਨੂੰਨੀ ਗੇਟ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਪੱਤਰਕਾਰਾਂ ਨੂੰ ਲਿਖਤੀ ਜਾਣਕਾਰੀ ਦਿੰਦਿਆਂ ਸ਼ਹਿਰ ਵਾਸੀ ਸੰਕਲਪ ਸੌਰਭ ਨੇ ਦੱਸਿਆ ਕਿ ਅਨਾਜ ਮੰਡੀ ਸਰਦੂਲਗੜ੍ਹ ਦੀ ਕੀਤੀ ਗਈ ਚਾਰਦੀਵਾਰੀ ਦੌਰਾਨ ਸਿਰਸਾ ਰੋਡ ’ਤੇ ਇਕ ਦੁਕਾਨਦਾਰ ਵੱਲੋਂ ਸਬੰਧਤ ਮਹਿਕਮੇ ਤੇ ਠੇਕੇਦਾਰ ਨਾਲ ਮਿਲ ਕੇ ਤਿੰਨ ਫੁੱਟਾ ਗੇਟ ਨਿਯਮਾਂ ਦੇ ਉਲਟ ਗ਼ੈਰਕਾਨੂੰਨੀ ਢੰਗ ਨਾਲ ਕੱਢ ਦਿੱਤਾ ਗਿਆ ਹੈ। ਜਿੱਥੇ ਗੇਟ ਕੱਢਿਆ ਗਿਆ ਹੈ ਉੱਥੇ ਬਿਜਲੀ ਦਾ ਟਰਾਂਸਫਾਰਮਰ ਲੱਗਿਆ ਹੋਇਆ ਹੈ। ਬਰਸਾਤ ਸਮੇਂ ਇਸ ਰਾਸਤੇ ਤੋਂ ਲੰਘਣ ਵਾਲੇ ਵਿਅਕਤੀਆਂ ਨੂੰ ਕਰੰਟ ਲੱਗਣ ਦਾ ਵੀ ਖਦਸ਼ਾ ਹੈ। ਉਨ੍ਹਾਂ ਕਿਹਾ ਦੁਕਾਨਦਾਰ ਵੱਲੋਂ ਆਪਣੀ ਦੁਕਾਨ ਦੀ ਸੇਲ ਵਧਾਉਣ ਦੇ ਮਕਸਦ ਨਾਲ ਨਿਯਮਾਂ ਦੇ ਉਲਟ ਆਪਣੀ ਦੁਕਾਨ ਦੇ ਬਿਲਕੁਲ ਸਾਹਮਣੇ ਕੱਢੇ ਗਏ ਇਸ ਗੇਟ ਦੀ ਜਾਂਚ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੂਚਨਾ ਦੇ ਅਧਿਕਾਰ ਤਹਿਤ ਮਿਲੀ ਜਾਣਕਾਰੀ ਅਨੁਸਾਰ ਇਹ ਗੇਟ ਨਿਯਮਾਂ ਦੇ ਉਲਟ ਤੇ ਗੈਰ ਕਾਨੂੰਨੀ ਹੈ। ਉਨ੍ਹਾਂ ਵੱਲੋਂ ਐੱਸਡੀਐੱਮ ਸਰਦੂਲਗੜ੍ਹ ਤੇ ਹੋਰ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਉਨ੍ਹਾਂ ਸੂਬਾ ਸਰਕਾਰ ਤੇ ਸਬੰਧਤ ਮਹਿਕਮੇ ਦੇ ਉੱਚ ਅਧਿਕਾਰੀਆਂ ਤੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਕਿ ਨਿਯਮਾਂ ਦੇ ਉਲਟ ਕੱਢੇ ਗਏ ਗੈਰ ਕਾਨੂੰਨੀ ਗੇਟ ਨੂੰ ਤੁਰੰਤ ਬੰਦ ਕੀਤਾ ਜਾਵੇ ਤੇ ਮਾਮਲੇ ’ਚ ਮਿਲੀਭੁਗਤ ਕਰਨ ਵਾਲੇ ਸਬੰਧਤ ਅਧਿਕਾਰੀਆਂ ਤੇ ਸਬੰਧਤ ਦੂਸਰੇ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਮੰਡੀਕਰਨ ਬੋਰਡ ਦੇ ਐੱਸਡੀਓ ਡੀ.ਕੇ. ਸਿੰਗਲਾ ਦਾ ਕਹਿਣਾ ਹੈ ਕਿ ਉਹ ਨਵੇਂ ਬਦਲ ਕੇ ਇੱਥੇ ਆਏ ਹਨ। ਇਸ ਸਬੰਧੀ ਸਾਰੀ ਜਾਣਕਾਰੀ ਲੈਕੇ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਗੇਟ ਬੰਦ ਕਰ ਦਿੱਤਾ ਜਾਵੇਗਾ।