ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 9 ਦਸੰਬਰ
ਸ਼ਹਿਰ ਦੇ ਫ਼ਿਰੋਜ਼ਪੁਰ ਰੋਡ ’ਤੇ ਇਕ ਨਿੱਜੀ ਸਕੂਲ ਨੇੜੇ ਅੱਜ ਤੜਕਸਾਰ ਇਕ ਟੂਰਿਸਟ ਬੱਸ ਬੇਕਾਬੂ ਹੋ ਕੇ ਡਿਵਾਈਡਰਾਂ ਨਾਲ ਟਕਰਾ ਗਈ ਅਤੇ ਪਲਟ ਗਈ। ਹਾਲਾਂਕਿ ਖੁਸ਼ਕਿਸਮਤੀ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਮਿਲੀ ਜਾਣਕਾਰੀ ਅਨੁਸਾਰ ਇਕ ਟੂਰਰਿਸਟ ਬੱਸ ਪਠਾਨਕੋਟ ਤੋਂ ਬੀਕਾਨੇਰ ਜਾ ਰਹੀ ਸੀ, ਜਿਸ ਵਿੱਚ ਕਰੀਬ 25 ਸਵਾਰੀਆਂ ਬੈਠੀਆਂ ਹੋਈਆਂ ਸਨ। ਤੜਕਸਾਰ ਕਰੀਬ 1.30 ਵਜੇ ਸਥਾਨਕ ਸੈਕਰਡ ਹਾਰਡ ਸਕੂਲ ਨਜ਼ਦੀਕ ਬੱਸ ਡਿਵਾਈਡਰ ਨੂੰ ਤੋੜਦੀ ਹੋਈ ਕਰੀਬ 50 ਮੀਟਰ ਤੱਕ ਅੱਗੇ ਨਿਕਲ ਗਈ ਅਤੇ ਬਾਅਦ ਵਿੱਚ ਪਲਟ ਗਈ। ਇਸ ਘਟਨਾ ਤੋਂ ਬਾਅਦ ਬੱਸ ਵਿੱਚ ਬੈਠੀਆਂ ਸਵਾਰੀਆਂ ਦਾ ਚੀਖ-ਚਿਹਾੜਾ ਪੈ ਗਿਆ। ਸਵਾਰੀਆਂ ਦਾ ਚੀਖ-ਚਿਹਾੜਾ ਸੁਣ ਕੇ ਮੌਕੇ ’ਤੇ ਇਕੱਤਰ ਹੋਏ ਰਾਹਗੀਰਾਂ ਨੇ ਆਸ-ਪਾਸ ਦੇ ਲੋਕਾਂ ਦੀ ਮੱਦਦ ਨਾਲ ਸਵਾਰੀਆਂ ਨੂੰ ਬਾਹਰ ਕੱਢਿਆ। ਉਪਰੰਤ ਥਾਣਾ ਅਮੀਰ ਖਾਸ ਦੀ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ। ਪੁਲੀਸ ਨੇ ਬੱਸ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਬੱਸ ਦੀਆਂ ਸਵਾਰੀਆਂ ਨੂੰ ਹੋਰ ਵਾਹਨ ਰਾਹੀਂ ਉਨ੍ਹਾਂ ਦੇ ਟਿਕਾਣਿਆਂ ’ਤੇ ਪਹੁੰਚਾਇਆ ਗਿਆ। ਸਵੇਰੇ ਟੌਲ ਪਲਾਜ਼ਾ ਦੇ ਕਰਮਚਾਰੀਆਂ ਵੱਲੋਂ ਕਰੇਨ ਦੀ ਮੱਦਦ ਨਾਲ ਬੱਸ ਨੂੰ ਸਿੱਧਾ ਕਰਵਾਇਆ ਗਿਆ।