ਿਨੱਜੀ ਪੱਤਰ ਪ੍ਰੇਰਕ
ਮੋਗਾ, 7 ਅਕਤੂਬਰ
ਖੇਤੀਬਾੜੀ ਯੂਨੀਵਰਸਿਟੀ ਤੇ ਖੇਤੀਬਾੜੀ ਵਿਭਾਗ ਦੀ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ਵਿਚੋਂ ਕੱਢਣ ਲਈ ਬਾਸਮਤੀ ਦੀ ਬਿਜਾਈ ਕਰਕੇ ਘੱਟ ਪਾਣੀ ਤੇ ਘੱਟ ਖਰਚ ਅਤੇ ਵਧੇਰੇ ਮੁਨਾਫ਼ਾ ਦੀ ਸਲਾਹ ਪੁੱਠੀ ਪੈ ਗਈ ਹੈ। ਪੰਜਾਬ ਵਿੱਚ ਬਾਸਮਤੀ ਦੀ ਖਰੀਦ ਉੱਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ ਅਤੇ ਬਾਸਮਤੀ ਉਤਪਾਦਕ ਕਿਸਾਨਾਂ ਵਿੱਚ ਬੇਚੈਨੀ ਵਧ ਰਹੀ ਹੈ। ਦੇਸ਼ ਭਰ ਵਿੱਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਪਹਿਲਾਂ ਹੀ ਤੌਖਲਾ ਜ਼ਾਹਰ ਕਰ ਰਹੇ ਹਨ ਕਿ ਇਹ ਕਾਨੂੰਨ ਲਾਗੂ ਹੋਣ ਨਾਲ ਉਨ੍ਹਾਂ ਦੀਆਂ ਜਿਣਸਾਂ ਮੰਡੀਆਂ ਵਿਚ ਸਹੀ ਮੁੱਲ ’ਤੇ ਨਹੀਂ ਵਿਕਣਗੀਆਂ।
ਕੋਵਿਡ-19 ਸੰਕਟ ਨਾਲ ਜੂਝ ਰਹੀ ਸਰਕਾਰ ਲਈ ਬਾਸਮਤੀ ਝੋਨਾ ਖਰੀਦ ਨੇ ਨਵੀਂ ਦੁਬਿਧਾ ਖੜ੍ਹੀ ਕਰ ਦਿੱਤੀ ਹੈ। ਬਾਸਮਤੀ ਖਰੀਦ ਦਾ ਮਾਮਲਾ ਸਰਕਾਰ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਪੰਜਾਬ ਸਰਕਾਰ ਲਈ ਇਹ ਵੱਡੀ ਸਮੱਸਿਆ ਬਣ ਸਕਦੀ ਹੈ ਪਰ ਅਜੇ ਤੱਕ ਸਰਕਾਰ ਨੇ ਇਸ ਮਸਲੇ ਉੱਤੇ ਗੰਭੀਰਤਾ ਨਾਲ ਵਿਚਾਰ ਨਹੀਂ ਕੀਤੀ। ਸੂਬੇ ’ਚ ਆੜ੍ਹਤੀਆਂ ਨੇ ਬਾਸਮਤੀ ਦੀ ਖਰੀਦ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਬਾਸਮਤੀ ਵੇਚਣ ਲਈ ਅੰਨਦਾਤਾ ਮੰਡੀਆਂ ’ਚ ਰੁਲ ਰਿਹਾ ਹੈ। ਆਮ ਝੋਨੇ ਦੇ ਭਾਅ ਤੋਂ ਵੀ ਘੱਟ ਕੀਮਤ ਉੱਤੇ ਬਾਸਮਤੀ ਦੇ ਭਾਅ ਨਾਲ ਕਿਸਾਨਾਂ ਦੀ ਆਰਥਿਕਤਾ ਉੱਖੜ ਗਈ ਹੈ। ਇਥੇ ਮੰਡੀ ਵਿੱਚ ਕਿਸਾਨ ਰਣਜੀਤ ਸਿੰਘ ਅਤੇ ਕਿਸਾਨ ਬਲਦੇਵ ਸਿੰਘ ਨੇ ਦੱਸਿਆ ਕਿ ਵਪਾਰੀਆਂ ਵੱਲੋਂ ਬਾਸਮਤੀ ਦੀ ਖਰੀਦ ਬਿੱਲਕੁੱਲ ਥੱਲੇ ਰੇਟ ਸੁੱਟ ਕੇ ਖਰੀਦੀ ਜਾ ਰਹੀ ਹੈ।
ਮੁੱਖ ਖੇਤੀ ਬਾੜੀ ਅਫ਼ਸਰ ਡਾ.ਬਲਵਿੰਦਰ ਸਿੰਘ ਨੇ ਮੰਡੀਆਂ’ਚ ਬਾਸਮਤੀ ਉੱਤੇ ਘੱਟ ਭਾਅ ਮਿਲਣ ਅਤੇ ਪੀਏਯੂ ਤੇ ਵਿਭਾਗ ਵੱਲੋਂ ਬਾਸਮਤੀ 1509 ਦੀ ਕਿਸਾਨਾਂ ਨੂੰ ਬੀਜ਼ਾਈ ਲਈ ਸਿਫ਼ਾਰਸ਼ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਕਰੀਬ 30 ਹਜ਼ਾਰ ਏਕੜ ਵਿੱਚ ਕਿਸਾਨਾਂ ਵੱਲੋਂ ਬਾਸਮਤੀ ਦੀ ਕਾਸ਼ਤ ਕੀਤੀ ਗਈ ਹੈ। ਸਥਾਨਕ ਮਾਰਕੀਟ ਕਮੇਟੀ ਸਕੱਤਰ ਵਜ਼ੀਰ ਸਿੰਘ ਨੇ ਵੀ ਬਾਸਮਤੀ ਦਾ ਭਾਅ ਪਿਛਲੇ ਸਾਲਾਂ ਨਾਲ ਘੱਟ ਹੋਣ ਦੀ ਗੱਲ ਆਖੀ ਹੈ। ਪੰਜਾਬ ਵਿੱਚ ਕਿਸਾਨਾਂ ਦੀ ਸਾਉਣੀ ਦੀ ਮੁੱਖ ਫ਼ਸਲ ਝੋਨਾ ਪੱਕ ਕੇ ਮੰਡੀਆਂ ਵਿਚ ਆਉਣਾ ਸ਼ੁਰੂ ਹੋ ਗਿਆ ਹੈ। ਬਾਸਮਤੀ ਦੀ ਘੱਟ ਸਮੇਂ ਵਿਚ ਪੱਕ ਕੇ ਤਿਆਰ ਹੋਣ ਵਾਲੀ ਕਿਸਮ 1509 ਦਾ ਭਾਅ 1700 ਤੋ 2000 ਰੁਪਏ ਪ੍ਰਤੀ ਕੁਇੰਟਲ ’ਤੇ ਆ ਗਿਆ ਹੈ ਜਿਹੜਾ ਪਿਛਲੇ ਸਾਲ 2800-3000 ਰੁਪਏ ਸੀ।