ਮਨੋਜ ਸ਼ਰਮਾ
ਬਠਿੰਡਾ, 17 ਅਪਰੈਲ
ਪਿੰਡ ਭੋਖੜਾ ਵਿੱਚ ਕੇਂਦਰੀ ਖ਼ਰੀਦ ਏਜੰਸੀ ਐੱਫਸੀਆਈ ਵੱਲੋਂ ਕਣਕ ਦੀ ਖ਼ਰੀਦ ਨਾ ਕਰਨ ਤੋਂ ਖ਼ਫ਼ਾ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੀ ਅਗਵਾਈ ਹੇਠ ਬਠਿੰਡਾ-ਅੰਮ੍ਰਿਤਸਰ ਹਾਈਵੇਅ ਜਾਮ ਕਰ ਕੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਬੀਕੇਯੂ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੀਦਾ, ਬਲਾਕ ਪ੍ਰਧਾਨ ਰੇਸ਼ਮ ਸਿੰਘ ਨੇ ਦੋਸ਼ ਲਗਾਏ ਕਿ ਕੇਂਦਰੀ ਏਜੰਸੀ ਜਾਣਬੁੱਝ ਕੇ ਕਿਸਾਨਾਂ ਨੂੰ ਖੱਜਲ ਖ਼ੁਆਰ ਕਰ ਰਹੀ ਹੈ। ਨਾਇਬ ਤਹਿਸੀਲਦਾਰ ਰਾਜਵੀਰ ਸਿੰਘ ਨੇ ਮੌਕੇ ’ਤੇ ਪੁੱਜ ਕੇ ਕਿਸਾਨਾਂ ਨੂੰ ਸ਼ਾਂਤ ਕਰਦਿਆਂ ਧਰਨਾ ਚੁੱਕਣ ਦੀ ਅਪੀਲ ਕੀਤੀ ਪਰ ਕਿਸਾਨ ਟੱਸ ਤੋਂ ਮੱਸ ਨਾ ਹੋਏ। ਦੇਰ ਸ਼ਾਮ ਤਕ ਮਾਮਲਾ ਜਿਉਂ ਦਾ ਤਿਉਂ ਬਣਿਆ ਹੋਇਆ ਸੀ ਅਤੇ ਕਿਸਾਨਾਂ ਦਾ ਇੱਕ ਵਫ਼ਦ ਕਣਕ ਦੀ ਖਰੀਦ ਕਰਵਾਉਣ ਲਈ ਉੱਚ ਅਧਿਕਾਰੀਆਂ ਕੋਲ ਬਠਿੰਡਾ ਪੁੱਜਾ ਹੋਇਆ ਸੀ।
ਮਾਨਸਾ (ਜੋਗਿੰਦਰ ਸਿੰਘ ਮਾਨ): ਕਣਕ ਦੀ ਖਰੀਦ ਦੇ ਸਰਕਾਰੀ ਦਾਅਵੇ ਫੇਲ੍ਹ ਹੋਣ ਮਗਰੋਂ ਕਿਸਾਨਾਂ ਨੇ ਸਿਰਸਾ-ਬਰਨਾਲਾ ਰੋਡ ਜਾਮ ਕਰ ਦਿੱਤਾ ਤੇ ਪ੍ਰਸ਼ਾਸਨ ਵੱਲੋਂ ਤੁਰੰਤ ਖਰੀਦ ਦਾ ਭਰੋਸਾ ਦੇਣ ਮਗਰੋਂ ਜਾਮ ਖੋਲ੍ਹਿਆ ਗਿਆ। ਜਾਮ ਸਬੰਧੀ ਪਿੰਡ ਕੋਟ ਧਰਮੂ ਵਿੱਚ ਲਾਏ ਧਰਨੇ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਪਿੰਡ ਉੱਡਤ ਭਗਤ ਰਾਮ ਇਕਾਈ ਨੇ ਕੀਤੀ। ਇਸ ਮੌਕੇ ਮਨਜੀਤ ਸਿੰਘ, ਕਰਮਜੀਤ ਸਿੰਘ, ਮਲਕੀਤ ਸਿੰਘ ਦੀ ਅਗਵਾਈ ਹੇਠ ਰੈਲੀ ਕਰਨ ਮਗਰੋਂ ਇੱਕ ਘੰਟਾ ਕੌਮੀ ਮਾਰਗ ਜਾਮ ਕੀਤਾ ਗਿਆ।
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਮੱਖਣ ਸਿੰਘ ਉੱਡਤ, ਕੌਰਾ ਸਿੰਘ ਅਤੇ ਹਾਕਮ ਸਿੰਘ ਨੰਬਰਦਾਰ ਨੇ ਕਿਹਾ ਕਿ ਪਿੰਡ ਉੱਡਤ ਵਿੱਚ ਐੱਫ.ਸੀ.ਆਈ. ਦਾ ਨਾ ਤਾਂ ਬਾਰਦਾਨਾ ਆਇਆ ਅਤੇ ਨਾ ਹੀ ਕਣਕ ਦਾ ਇੱਕ ਦਾਣਾ ਖਰੀਦਿਆ ਗਿਆ ਹੈ, ਜਿਸ ਕਰਕੇ ਮੰਡੀ ਵਿੱਚ ਕਣਕ ਦੇ ਅੰਬਾਰ ਲੱਗ ਗਏ ਹਨ। ਇਸੇ ਦੌਰਾਨ ਕਿਸਾਨਾਂ ਐੱਫ.ਸੀ.ਆਈ. ਆਧਿਕਾਰੀਆਂ ਨੇ ਬਾਰਦਾਨੇ ਦਾ ਪ੍ਰਬੰਧ ਕਰ ਕੇ ਖਰੀਦ ਚਾਲੂ ਕਰਵਾਈ ਅਤੇ ਕੋਟ ਧਰਮੂ ਅਤੇ ਭੰਮੇ ਵਿੱਚ ਕਣਕ ਚੁੱਕਣ ਦਾ ਯਕੀਨ ਦਿਵਾਇਆ, ਜਿਸ ’ਤੇ ਜਾਮ ਖੋਲ੍ਹਿਆ ਗਿਆ।
ਬੋਹਾ (ਪੱਤਰ ਪ੍ਰੇਰਕ): ਨੇੜਲੇ ਪਿੰਡ ਹਾਕਮਵਾਲਾ ਦੀ ਅਨਾਜ ਮੰਡੀ ਵਿੱਚ ਪਿਛਲੇ ਸੱਤ ਦਿਨਾਂ ਤੋਂ ਕਣਕ ਦੀ ਬੋਲੀ ਨਾ ਹੋਣ ਦੇ ਰੋਸ ਵਜੋਂ ਕਿਸਾਨਾਂ ਨੇ ਅੱਜ ਬੋਹਾ-ਬੁਢਲਾਡਾ ਸੜਕ ’ਤੇ ਧਰਨਾ ਲਾ ਕੇ ਆਵਾਜਾਈ ਨੂੰ ਮੁਕੰਮਲ ਠੱਪ ਕਰ ਦਿੱਤਾ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ, ਭੋਲਾ ਸਿੰਘ ਤੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਜਗਵੀਰ ਸਿੰਘ ਨੇ ਕਿਹਾ ਕਿ ਮਾਰਕੀਟ ਕਮੇਟੀ ਬੋਹਾ ਦੇ ਸਬ ਯਾਰਡ ਹਾਕਮਵਾਲਾ ਵਿੱਚ ਭਾਰਤੀ ਖੁਰਾਕ ਨਿਗਮ ਵੱਲੋਂ ਕਣਕ ਖਰੀਦੀ ਜਾਣੀ ਸੀ ਪਰ ਇਸ ਖਰੀਦ ਏਜੰਸੀ ਨੇ ਸੱਤ ਦਿਨ ਬੀਤ ਜਾਣ ’ਤੇ ਵੀ ਕਣਕ ਦੀ ਖਰੀਦ ਸ਼ੁਰੂ ਨਹੀਂ ਕੀਤੀ। ਉਨ੍ਹਾ ਕਿਹਾ ਕਿ ਮੰਡੀ ਨਾਲ ਸਬੰਧਤ ਸੱਤ ਪਿੰਡਾਂ ਦੇ ਕਿਸਾਨਾਂ ਨੇ ਪਹਿਲਾਂ ਰੋਸ ਵਜੋਂ ਖਰੀਦ ਕੇਂਦਰ ਹਾਕਮ ਵਾਲਾ ਵਿੱਚ ਧਰਨਾ ਦਿੱਤਾ ਸੀ ਪਰ ਸੁਣਵਾਈ ਨਾ ਹੋਣ ’ਤੇ ਹੁਣ ਉਹ ਸੜਕ ’ਤੇ ਜਾਮ ਲਾਉਣ ਲਈ ਮਜਬੂਰ ਹੋਏ ਹਨ। ਇਸ ਸਬੰਧੀ ਭਾਰਤੀ ਖੁਰਾਕ ਨਿਗਮ (ਐੱਸਸੀਆਈ) ਦੇ ਅਧਿਕਾਰੀ ਰਾਮਰਾਜ ਦਾ ਕਹਿਣਾ ਸੀ ਕਿਸੇ ਪਿਛਲੇ ਭੁਗਤਾਨ ਸਬੰਧੀ ਆੜ੍ਹਤੀ ਖਰੀਦ ਵਿੱਚ ਸਹਿਯੋਗ ਨਹੀਂ ਕਰ ਰਹੇ, ਜਿਸ ਕਾਰਨ ਕਣਕ ਦੀ ਖਰੀਦ ਵਿੱਚ ਦੇਰੀ ਹੋਈ ਹੈ। ਧਰਨੇ ਵਿੱਚ ਪੁੱਜ ਕੇ ਥਾਣਾ ਬੋਹਾ ਦੇ ਐੱਸਐੱਚਓ ਜਗਦੇਵ ਸਿੰਘ ਨੇ ਐੱਸਡੀਐਮ ਬੁਢਲਾਡਾ ਨਾਲ ਗੱਲ ਕਰਨ ਮਗਰੋਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਖਰੀਦ ਕੇਂਦਰ ਵਿੱਚ ਕਣਕ ਦੀ ਖਰੀਦ ਦਾ ਕੰਮ ਐੱਫਸੀਆਈ ਤੋਂ ਲੈ ਕੇ ਪਨਗਰੇਨ ਏਜੰਸੀ ਨੂੰ ਸੌਂਪ ਦਿੱਤਾ ਜਾਵੇਗਾ ਤੇ ਭਲਕ ਤੋਂ ਖਰੀਦ ਸ਼ੁਰੂ ਹੋ ਜਾਵੇਗੀ। ਇਸ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ ।
ਭੀਖੀ (ਕਰਨ ਭੀਖੀ): ਪਿੰਡ ਹੀਰੋਂ ਖੁਰਦ ਦੀ ਅਨਾਜ ਮੰਡੀ ਵਿੱਚ ਐੱਫਸੀਆਈ ਦੀ ਖਰੀਦ ਸਬੰਧੀ ਪਿੰਡ ਖੀਵਾ ਮੀਹਾਂ ਸਿੰਘ ਵਾਲਾ ਤੇ ਹੀਰੋਂ ਖੁਰਦ ਦੇ ਕਿਸਾਨਾਂ ਅਤੇ ਆੜ੍ਹਤੀਆਂ ਨੇ ਖਰੀਦ ਦਾ ਬਾਈਕਾਟ ਕੀਤਾ ਹੋਇਆ ਸੀ। ਕਿਸਾਨਾਂ ਦੀ ਇਸ ਦਿੱਕਤ ਸਬੰਧੀ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਅਜੇ ਤਕ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਮੰਡੀ ਵਿੱਚ ਪਹੁੰਚ ਕੇ ਗੱਲਬਾਤ ਕਰਨ ਦੀ ਖੇਚਲ ਨਹੀਂ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਆਗੂ ਅਜੈਬ ਸਿੰਘ, ਯੂਨੀਅਨ ਦੇ ਪਿੰਡ ਇਕਾਈ ਦੇ ਆਗੂ ਰੁਲਦੂ ਸਿੰਘ, ਬਲਵਿੰਦਰ ਸਿੰਘ, ਗੋਰਾ ਸਿੰਘ ਆਦਿ ਨੇ ਦੱਸਿਆ ਕਿ ਖਰੀਦ ਨਾ ਹੋਣ ਕਾਰਨ ਪ੍ਰੇਸ਼ਾਨ ਕਿਸਾਨਾਂ ਨੇ ਭੀਖੀ-ਪਟਿਆਲਾ ਮੁੱਖ ਮਾਰਗ ’ਤੇ ਹਮੀਰਗੜ੍ਹ ਢੈਪਈ ਵਿੱਚ ਬਣੇ ਟੌਲ ਪਲਾਜ਼ਾ ਕੋਲ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ, ਜਿਸ ਕਾਰਨ ਵਾਹਨਾਂ ਨੂੰ ਪਿੰਡਾਂ ਵਿੱਚੋਂ ਲੰਘਣਾ ਪਿਆ। ਧਰਨੇ ਵਿੱਚ ਆਏ ਕਿਸਾਨਾਂ ਨੇ ਕਈ ਘੰਟੇ ਜਾਮ ਲਾਈ ਰੱਖਿਆ। ਧਰਨੇ ਵਿੱਚ ਪੁੱਜੇ ਜ਼ਿਲ੍ਹਾ ਖੁਰਾਕ ਕੰਟਰੋਲਰ ਮਧੂ ਅਤੇ ਬੁਢਲਾਡਾ ਦੇ ਨਾਇਬ ਤਹਿਸੀਲਦਾਰ ਜਿਨਸੂ ਬਾਂਸਲ ਦੇ ਭਰੋਸੇ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ ਅਤੇ ਮੰਡੀ ਵਿੱਚ ਖਰੀਦ ਸ਼ੁਰੂ ਕਰਵਾਈ ਗਈ।
ਆੜ੍ਹਤੀਆਂ ਵੱਲੋਂ ਮਾਰਕੀਟ ਕਮੇਟੀ ਦਫ਼ਤਰ ਬਰੀਵਾਲਾ ਦਾ ਘਿਰਾਓ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਮੰਡੀ ਬਰੀਵਾਲਾ ਦੇ ਸਮੂਹ ਆੜ੍ਹਤੀਆਂ ਨੇ ਅੱਜ ਨਿੱਜੀ ਫੜ੍ਹਾਂ ’ਤੇ ਕਣਕ ਦੀ ਖਰੀਦ ਨਾ ਹੋਣ ਦੇ ਰੋਸ ਵਜੋਂ ਮਾਰਕੀਟ ਕਮੇਟੀ ਬਰੀਵਾਲਾ ਦਫ਼ਤਰ ਦਾ ਘਿਰਾਓ ਕੀਤਾ। ਇਸ ਦੌਰਾਨ ਆੜ੍ਹਤੀਆਂ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਦੱਸਿਆ ਕਿ ਕਣਕ ਦੀ ਸਰਕਾਰੀ ਖਰੀਦ 10 ਅਪਰੈਲ ਤੋਂ ਸ਼ੁਰੂ ਹੋ ਚੁੱਕੀ ਹੈ ਪਰ ਇੱਕ ਹਫ਼ਤਾ ਬੀਤਣ ਦੇ ਬਾਵਜੂਦ ਨਿੱਜੀ ਫੜ੍ਹਾਂ ਅਤੇ ਸ਼ੈੱਲਰਾਂ ’ਚ ਢੇਰੀ ਕੀਤੀ ਕਿਸਾਨਾਂ ਦੀ ਕਣਕ ਦਾ ਇੱਕ ਦਾਣਾ ਵੀ ਨਹੀਂ ਖਰੀਦਿਆ ਗਿਆ, ਜਿਸ ਕਾਰਨ ਕਿਸਾਨ ਅਤੇ ਆੜ੍ਹਤੀ ਚਿੰਤਾ ’ਚ ਹਨ। ਉਨ੍ਹਾਂ ਆਖਿਆ ਕਿ ਮੌਸਮ ਦੇ ਬਦਲੇ ਤੇਵਰਾਂ ਨੇ ਕਿਸਾਨਾਂ ਤੇ ਆੜ੍ਹਤੀਆਂ ਦੇ ਸਾਹ ਸੁਕਾ ਦਿੱਤੇ ਹਨ। ਉਨ੍ਹਾਂ ਮੰਗ ਕੀਤੀ ਕਿ ਸ਼ੈੱਲਰਾਂ ਤੇ ਨਿੱਜੀ ਫੜ੍ਹਾਂ ’ਤੇ ਪਈ ਕਣਕ ਦੀ ਖਰੀਦ ਜਲਦ ਕੀਤੀ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਜਲਦੀ ਕਣਕ ਖਰੀਦ ਨਾ ਹੋਈ ਤਾਂ ਉਹ ਭਲਕੇ ਰੋਡ ਜਾਮ ਕਰਨਗੇ, ਜਿਸ ਵਿੱਚ ਕਿਸਾਨ ਤੇ ਮਜ਼ਦੂਰ ਵੀ ਸ਼ਾਮਿਲ ਹੋਣਗੇ। ਇਸ ਮੌਕੇ ਕੱਚਾ ਆੜ੍ਹਤੀਆ ਐਸੋਸੀਏਸ਼ਨ ਮੰਡੀ ਬਰੀਵਾਲਾ ਦੇ ਪ੍ਰਧਾਨ ਵਿਜੈ ਕੁਮਾਰ ਬਾਂਸਲ ਟੋਨੀ, ਸਾਬਕਾ ਪ੍ਰਧਾਨ ਕੇਵਲ ਕ੍ਰਿਸ਼ਨ ਗੋਇਲ, ਰਾਜ ਕੁਮਾਰ ਜਿੰਦਲ, ਰਾਜੂ ਮੱਕੜ, ਨਰੇਸ਼ ਕੁਮਾਰ ਗਰਗ, ਅਜੇ ਕੁਮਾਰ ਗਰਗ ਹਾਜ਼ਰ ਸਨ। ਮਾਰਕੀਟ ਕਮੇਟੀ ਦੇ ਸਕੱਤਰ ਗੁਰਦੀਪ ਸਿੰਘ ਬਰਾੜ ਨੇ ਕਿਹਾ ਕਿ 34 ਨਿੱਜੀ ਫੜ੍ਹਾਂ ਦੀ ਮਨਜ਼ੂਰੀ ਸਬੰਧੀ ਉਨ੍ਹਾਂ ਨੇ ਚੰਡੀਗੜ੍ਹ ਪੱਤਰ ਭੇਜਿਆ ਹੋਇਆ ਸੀ, ਜਿਨ੍ਹਾਂ ਵਿੱਚੋਂ ਅੱਜ 17 ਫੜ੍ਹਾਂ ਦੀ ਮਨਜ਼ੂਰੀ ਮਿਲ ਗਈ ਹੈ ਅਤੇ ਬਾਕੀ ਦੀ ਮਨਜ਼ੂਰੀ ਵੀ ਜਲਦੀ ਮਿਲਣ ਦੀ ਸੰਭਾਵਨਾ ਹੈ ਤੇ ਉੱਥੇ ਵੀ ਖਰੀਦ ਸ਼ੁਰੂ ਕਰਵਾ ਦਿੱਤੀ ਜਾਵੇਗੀ।