ਮੁੱਖ ਅੰਸ਼
- ਅਨਾਜ ਮੰਡੀਆਂ ਤੇ ਪੇਂਡੂ ਖਰੀਦ ਕੇਂਦਰਾਂ ਵਿੱਚ ਝੋਨੇ ਦੀ ਆਮਦ ਉੱਤੇ ਰੋਕ ਲਾਉਣ ਦਾ ਫੈਸਲਾ
- ਆੜ੍ਹਤੀਆਂ, ਕਿਸਾਨਾਂ, ਟਰੱਕ ਯੂਨੀਅਨਾਂ ਤੇ ਪੱਲੇਦਾਰਾਂ ਵਿੱਚ ਸਰਕਾਰ ਖ਼ਿਲਾਫ਼ ਰੋਸ
ਪੱਤਰ ਪ੍ਰੇਰਕ
ਮਾਨਸਾ, 9 ਨਵੰਬਰ
ਪੰਜਾਬ ਰਾਜ ਖੇਤੀ ਮੰਡੀਕਰਨ ਬੋਰਡ ਵੱਲੋਂ ਅੱਜ ਸ਼ਾਮ ਤੋਂ ਮਾਲਵਾ ਖੇਤਰ ਦੇ ਤਿੰਨ ਜ਼ਿਲ੍ਹਿਆਂ ਫਾਜ਼ਿਲਕਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਸਮੇਤ ਪੰਜਾਬ ਦੇ ਜਲੰਧਰ, ਰੋਪੜ, ਅੰਮ੍ਰਿਤਸਰ, ਭਗਤ ਸਿੰਘ ਨਗਰ, ਤਰਨਤਾਰਨ ਜ਼ਿਲ੍ਹਿਆਂ ਦੀਆਂ ਸ਼ਹਿਰੀ ਅਨਾਜ ਮੰਡੀਆਂ ਅਤੇ ਪੇਂਡੂ ਖਰੀਦ ਕੇਂਦਰਾਂ ਵਿੱਚ ਝੋਨੇ ਦੀ ਆਮਦ ਉੱਤੇ ਰੋਕ ਲਾਉਣ ਤੋਂ ਬਾਅਦ ਹੁਣ ਮਾਲਵਾ ਖੇਤਰ ਦੇ ਬਾਕੀ ਰਹਿੰਦੇ ਜ਼ਿਲ੍ਹਿਆਂ ਵਿੱਚ ਅੰਨਦਾਤਾ ਨੇ ਫ਼ਟਾਫਟ ਆਪਣੇ ਝੋਨੇ ਦੀ ਜਿਣਸ ਸੁੱਟਣੀ ਆਰੰਭ ਕਰ ਦਿੱਤੀ ਹੈ। ਬਹੁਤੀਆਂ ਥਾਵਾਂ ’ਤੇ ਕਿਸਾਨਾਂ ਨੇ ਨੱਕੋ-ਨੱਕ ਭਰੀਆਂ ਅਨਾਜ ਮੰਡੀਆਂ ਵਿੱਚ ਕੱਚੇ ਥਾਂਵਾਂ ’ਤੇ ਝੋਨਾ ਧੜਾਧੜ ਸੁੱਟਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਕੱਲ੍ਹ ਸ਼ਾਮ ਤੋਂ ਪਹਿਲਾਂ-ਪਹਿਲਾਂ ਉਹ ਮੰਡੀ ਵਿੱਚ ਪੁੱਜੀ ਜਿਣਸ ਦੀ ਪਰਚੀ ਕਟਵਾ ਸਕੇ। ਮਾਨਸਾ ਸਮੇਤ ਬਠਿੰਡਾ, ਮੋਗਾ, ਬਰਨਾਲਾ, ਪਠਾਨਕੋਟ ਅਤੇ ਹੁਸ਼ਿਆਰਪੁਰ ਵਿੱਚ 10 ਨਵੰਬਰ ਦੀ ਸ਼ਾਮ ਤੋਂ ਅਜਿਹੇ ਝੋਨੇ ਦੀ ਆਮਦ ਬੰਦ ਕਰਨ ਦੇ ਸਰਕਾਰੀ ਹੁਕਮ ਪਹਿਲਾਂ ਹੀ ਜਾਰੀ ਹੋ ਗਏ ਹਨ, ਜਿੰਨਾਂ ਕਾਰਨ ਆੜ੍ਹਤੀਆਂ, ਕਿਸਾਨਾਂ, ਟਰੱਕ ਯੂਨੀਅਨਾਂ ਅਤੇ ਪੱਲੇਦਾਰਾਂ ਵਿੱਚ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ।
ਇਸ ਸਰਕਾਰੀ ਫੈਸਲੇ ਨਾਲ ਖੇਤੀ ਕਾਨੂੰਨਾਂ ਖਿਲਾਫ਼ ਲੜ ਰਹੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਤੇਵਰ ਤਿੱਖੇ ਹੋ ਗਏ ਹਨ, ਜਦੋਂ ਕਿ ਮਾਲਵਾ ਖੇਤਰ ਦੇ ਹਜ਼ਾਰਾਂ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਦੀ ਵੱਡੀ ਤਕਲੀਫ਼ ਖੜ੍ਹੀ ਹੋ ਜਾਵੇਗੀ, ਕਿਉਂਕਿ ਹਜ਼ਾਰਾਂ ਹੈਕਟੇਅਰ ਰਕਬੇ ਵਿੱਚ ਅਜੇ ਵੀ ਝੋਨੇ ਦੀ ਫ਼ਸਲ ਵੱਢਣ ਵੰਨੀਓ ਖੜ੍ਹੀ ਹੈ। ਅੱਜ ਖੇਤਾਂ ਵਿੱਚ ਧੜਾਧੜ ਕਿਸਾਨਾਂ ਵੱਲੋਂ ਪਛੇਤੇ ਬੀਜੇ ਝੋਨੇ ਨੂੰ ਕੰਬਾਈਨਾਂ ਰਾਹੀਂ ਕਟਾਈ ਕਰਦਿਆਂ ਵੇਖਿਆ ਗਿਆ ਹੈ।
ਕਿਸਾਨ ਯੂਨੀਅਨ ਨੇ ਮਾਮਲੇ ਦਾ ਨੋਟਿਸ ਲਿਆ
ਪੰਜਾਬ ਰਾਜ ਖੇਤੀ ਮੰਡੀਕਰਨ ਬੋਰਡ ਵੱਲੋਂ ਝੋਨੇ ਦੀ ਖਰੀਦ ਬੰਦ ਕਰਨ ਦੇ ਜਾਰੀ ਕੀਤੇ ਗਏ ਫੁਰਮਾਨ ਦਾ ਸਖ਼ਤ ਨੋਟਿਸ ਲੈਂਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਕਿਸਾਨ ਵਿਰੋਧੀ ਫੁਰਮਾਨ ਤੁਰੰਤ ਵਾਪਸ ਨਾ ਲਿਆ ਗਿਆ ਤਾਂ ਜਥੇਬੰਦੀ ਨੂੰ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਪੇਂਡੂ ਖਰੀਦ ਕੇਂਦਰ ਅਜੇ ਵੀ ਝੋਨੇ ਨਾਲ ਭਰੇ ਪਏ ਹਨ ਅਤੇ ਕਿਸਾਨ ਤਾਂ ਮੰਗ ਕਰ ਰਹੇ ਸਨ ਕਿ ਖਰੀਦਿਆ ਗਿਆ ਝੋਨਾ ਤੁਰੰਤ ਚੁੱਕ ਕੇ ਮੰਡੀਆਂ ਵਿੱਚ ਹੋਰ ਝੋਨਾ ਲਾਹੁਣ ਲਈ ਜਗ੍ਹਾ ਖਾਲੀ ਕੀਤੀ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਮੰਡੀਆਂ ਵਿੱਚ ਪਹੁੰਚੇ ਝੋਨੇ ਦੀ ਖਰੀਦ ਦਾ ਕੰਮ ਵੀ ਢਿੱਲਾ ਮੱਠਾ ਚੱਲ ਰਿਹਾ ਹੈ।