ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 15 ਨਵੰਬਰ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਅਤੇ ਆਪਣੀਆਂ ਸੇਵਾਵਾਂ ਦੀ ਬਹਾਲੀ ਲਈ ਸ਼ੁਰੂ ਕੀਤਾ ਮਰਨ ਵਰਤ ਅੱਜ ਚੌਥੇ ਦਿਨ ਵਿੱਚ ਵੀ ਜਾਰੀ ਰਿਹਾ। ਹਰਗੋਬਿੰਦ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਬੀਤੀ ਰਾਤ ਤੋਂ ਠੀਕ ਨਹੀਂ ਪਰ ਪ੍ਰਸ਼ਾਸਨ ਦਾ ਕੋਈ ਉੱਚ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਲਈ ਨਹੀਂ ਪੁੱਜਾ ਅਤੇ ਨਾ ਹੀ ਕੋਈ ਡਾਕਟਰ ਉਨ੍ਹਾਂ ਦੀ ਸਿਹਤ ਦਾ ਚੈੱਕਅਪ ਕਰਨ ਲਈ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ 16 ਨਵੰਬਰ ਤੋਂ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਪਿੰਡਾਂ ਵਿੱਚ ਜਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਵਿਰੋਧ ਕਰਨਗੀਆਂ ਅਤੇ ਵੋਟਰਾਂ ਨੂੰ ਆਪ ਸਰਕਾਰ ਦੀਆਂ ਨਾਕਾਮੀਆਂ ਤੋਂ ਜਾਗਰੂਕ ਕਰਨਗੀਆਂ। ਇਸ ਦੌਰਾਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਹਰਗੋਬਿੰਦ ਕੌਰ ਦੀਆਂ ਸੇਵਾਵਾਂ ਬਹਾਲ ਕੀਤੀਆਂ ਜਾਣ ਤੇ ਯੂਨੀਅਨ ਦੀਆਂ ਮੰਗਾਂ ਮੰਨੀਆਂ ਜਾਣ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਿੰਦਰਪਾਲ ਕੌਰ ਥਾਂਦੇਵਾਲਾ, ਕੁਲਜੀਤ ਕੌਰ ਗੁਰੂ ਹਰਸਹਾਏ, ਜਸਵਿੰਦਰ ਕੌਰ ਬੱਬੂ ਦੋਦਾ, ਉਰਮਿਲਾ ਰਾਣੀ ਗੁਰੂ ਹਰਸਹਾਏ, ਅੰਜੂ ਬਾਲਾ, ਰਜਨੀ ਭੰਡਾਰੀ, ਗੁਰਮੀਤ ਕੌਰ ਛੋਟਾ ਜੰਡ ਵਾਲਾ, ਮਨਜੀਤ ਕੌਰ ਡੋਹਕ, ਗੁਰਤੇਜ ਕੌਰ ਡੋਹਕ, ਗੁਰਭਿੰਦਰ ਕੌਰ ਥਾਂਦੇਵਾਲਾ, ਵੀਨਾ ਰਾਣੀ, ਸ਼ੀਲਾ ਰਾਣੀ ਮੁਕਤਸਰ ਅਤੇ ਸੁਖਪਾਲ ਕੌਰ ਭਲਾਈਆਣਾ, ਰਾਜਵਿੰਦਰ ਕੌਰ ਘਾਗਾ ਕਲਾਂ ਵੀਰਪਾਲ ਕੌਰ ਚੱਕ ਸੈਦੋਕੇ ਆਦਿ ਹਾਜ਼ਰ ਸਨ।