ਮਹਿੰਦਰ ਸਿੰਘ ਰੱਤੀਆਂ
ਮੋਗਾ, 28 ਅਕਤੂਬਰ
ਬਾਘਾਪੁਰਾਣਾ ਨੇੜੇ ਰਿਲਾਇੰਸ ਪੈਟਰੌਲ ਪੰਪ ਉੱਤੇ ਚੱਲ ਰਹੇ ਪੱਕੇ ਧਰਨੇ ਦੌਰਾਨ ਸੰਘਰਸ਼ਕਾਰੀ ਕਿਸਾਨਾਂ ਨੇ ਅੱਜ ਟੀਮਾਂ ਬਣਾ ਕੇ ਬਾਘਾਪੁਰਾਣਾ ਖੇਤਰ ਵਿੱਚ ਗੁਲਾਬੀ ਸੁੰਡੀ ਨਾਲ ਖਰਾਬ ਹੋਈ ਫਸਲ ਦੇ ਮੁਆਵਜੇ ਲਈ ਸਰਕਾਰੀ ਗੁਮਰਾਹਕੁਨ ਪਰਚਾਰ ਰੋਕਣ ਲਈ ਰੋਹ ’ਚ ਆਏ ਕਿਸਾਨਾਂ ਨੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਫ਼ਲੈਕਸਾਂ ਉੱਤੇ ਧਾਵਾ ਬੋਲਦਿਆਂ ਕਾਲੀ ਸ਼ਾਹੀ ਮਲ ਦਿੱਤੀ ਤੇ ਹੋਰਡਿੰਗ ਫਾੜ ਦਿੱਤੇ।
ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਆਗੂ ਹਰਮਿੰਦਰ ਸਿੰਘ ਡੇਮਰੂ ਤੇ ਗੁਰਦਾਸ ਸਿੰਘ ਸੇਖਾ ਨੇ ਕਿਹਾ ਕਿ ਫਲੈਕਸੀ ਬੋਰਡਾਂ ਉੱਤੇ ਰੋਸ ਵਿੱਚ ਇਸ ਕਰਕੇ ਕਾਲਖ ਮਲੀ ਤੇ ਫਾੜੇ ਗਏ ਕਿ ਕੁਦਰਤੀ ਆਫ਼ਤਾਂ ਅਤੇ ਗੁਲਾਬੀ ਸੁੰਡੀ ਨਾਲ ਨਸ਼ਟ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਤਾਂ ਸਰਕਾਰ ਨੇ ਨਹੀਂ ਦਿੱਤਾ ਪਰ ਇਸ ਫੋਕੀ ਸ਼ੋਹਰਤ ਲਈ ਪ੍ਰਚਾਰ ਫ਼ਲੈਕਸ ਲਾ ਕੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਮਰਾਹਕੁਨ ਪ੍ਰਚਾਰ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਨੁਕਸਾਨੀਆਂ ਗਈਆਂ ਫ਼ਸਲਾਂ ਦੀ ਗਿਰਦਾਵਰੀ 29 ਅਕਤੂਬਰ ਤੱਕ ਮੁਕੰਮਲ ਕਰ ਲਈ ਜਾਵੇ। ਬੀਕੇਯੂ ਏਕਤਾ ਉਗਰਾਹਾਂ ਸੁਬਾਈ ਆਗੂ ਬਲੌਰ ਸਿੰਘ ਘਾਲੀ ਨੇ ਦਿੱਲੀ ਵਿੱਚ ਧਰਨੇ ਤੋਂ ਘਰ ਪਰਤ ਰਹੀਆਂ 3 ਕਿਸਾਨ ਬੀਬੀਆਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਹਾਦਸੇ ਦੀ ਉੱਚ ਪੱਧਰੀ ਜਾਂਚ ਅਤੇ ਸਰਕਾਰ ਤੋਂ 10 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਜੀਅ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜਮਹੂਰੀ ਕਦਰਾਂ-ਕੀਮਤਾਂ ਨੂੰ ਦਰਕਿਨਾਰ ਕਰਕੇ ਤਾਨਾਸ਼ਾਹੀ ਵੱਲ ਵਧ ਰਹੀ ਹੈ।
ਉਨ੍ਹਾਂ ਮੰਗ ਕੀਤੀ ਹੈ ਕਿਸਾਨਾਂ ਨੂੰ ਅਗਲੀ ਹਾੜ੍ਹੀ ਦੀ ਫ਼ਸਲ ਨੂੰ ਬੀਜਣ ਵਾਸਤੇ ਇਹ ਮੁਆਵਜ਼ਾ ਤੁਰੰਤ ਮਿਲਣਾ ਚਾਹੀਦਾ ਹੈ ਤਾਂ ਜੋ ਉਹ ਆਪਣਾ ਬੀਜ, ਖਾਦ ਅਤੇ ਮਹਿੰਗੇ ਭਾਅ ਦੇ ਡੀਜ਼ਲ ਨੂੰ ਖਰੀਦ ਕੇ ਸਮੇਂ-ਸਿਰ ਕਣਕ ਦੀ ਬਿਜਾਈ ਕਰ ਸਕੇ। ਉਨ੍ਹਾਂ ਕਿਸਾਨ ਨੂੰ 60 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਨੂੰ ਪ੍ਰਤੀ ਪਰਿਵਾਰ 30 ਹਜ਼ਾਰ ਰੁਪਏ ਦਿੱਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਾ ਪੰਜਾਬ ਸਰਕਾਰ ਵੱਲੋਂ ਡੀਏਪੀ ਖਾਦ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਨਾ ਹੀ ਸਬਸਿਡੀ ਵਾਲਾ ਕਣਕ ਦਾ ਬੀਜ ਵੰਡਣਾ ਆਰੰਭ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਕੰਮ-ਧੰਦੇ ਦਾ ਜ਼ੋਰ ਹੋਣ ਦੇ ਬਾਵਜੂਦ ਕਿਸਾਨਾਂ ਵਿੱਚ ਧਰਨਿਆਂ-ਮੁਜ਼ਾਹਰਿਆਂ ਪ੍ਰਤੀ ਜੋਸ਼ ਬਰਕਰਾਰ ਹੈ।