ਜੋਗਿੰਦਰ ਸਿੰਘ ਮਾਨ
ਮਾਨਸਾ, 3 ਜਨਵਰੀ
ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਨੂੰ ਕਾਨੂੰਨੀ ਦਰਜਾ ਦਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੇ ਅੱਜ ਮਾਲਵਾ ਖੇਤਰ ਦੇ ਵੱਖ-ਵੱਖ ਥਾਈ ਕੇਂਦਰ ਨਾਲ ਅੱਠਵੇ ਗੇੜ ਦੀ ਮੀਟਿੰਗ ਤੋਂ ਪਹਿਲਾਂ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮਾਨਸਾ ਵਿੱਚ ਦਿੱਤੇ ਧਰਨੇ ਦੌਰਾਨ ਮੰਚ ਤੋਂ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਵਿੰਦਰ ਸ਼ਰਮਾ ਨੇ ਕਿਹਾ ਕਿ ਇਲਾਕੇ ਭਰ ਵਿੱਚੋਂ ਮਿਲਿਆਂ ਖਬਰਾ ਤੋਂ ਪਤਾ ਲੱਗਿਆ ਹੈ ਕਿ ਅੱਜ ਮਾਲਵਾ ਖੇਤਰ ਵਿੱਚ ਕੇਂਦਰ ਸਰਕਾਰ ਦਾ ਭਾਰੀ ਠੰਢ ਦੇ ਬਾਵਜੂਦ ਥਾਂ-ਥਾਂ ਪਿੱਟ ਸਿਆਪਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ 5 ਜਨਵਰੀ ਨੂੰ ਪੰਜਾਬ ਦੇ ਪਿੰਡਾਂ ਵਿੱਚੋਂ ਟਰਕੈਟਰ ਟਰਾਲੀਆ ਜਾਣਗੀਆਂ, ਜੋ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣਗੇ। ਮਾਨਾਸਾ ਵਿੱਚ 30 ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਨੂੰ ਸਬਕ ਸਿਖਾਉਣ ਲਈਂ 95ਵੇ ਦਿਨ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ, ਇਕਬਾਲ ਸਿੰਘ ਮਾਨਸਾ, ਭਰਾਤੀ ਕਿਸਾਨ ਯੂਨੀਅਨ (ਮਾਨਸਾ) ਦੇ ਤੇਜ ਚਕੇਰੀਆਂ, ਪੰਜਾਬ ਕਿਸਾਨ ਯੂਨੀਅਨ ਦੇ ਬਾਬਾ ਬੋਹੜ ਸਿੰਘ, ਦਰਸ਼ਨ ਸਿੰਘ ਭੰਦੇਰ, ਬਿੰਕਰ ਸਿੰਘ ਅਤਲਾ, ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਨੇ ਕਿਹਾ ਕਿ ਕੇਂਦਰ ਸਰਕਾਰ ਦੇ ਬਣਾਏ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ 1 ਅਕਤੂਬਰ ਤੋਂ ਲਗਾਤਾਰ 95ਵੇ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਪੱਕਾ ਮੋਰਚਾ ਦੇਸ਼ ਦੇ ਲੋਕ ਵੀ ਕੜਾਕੇ ਦੀ ਠੰਡ ਵਿਚ ਬੁਲੰਦ ਹੌਸਲੇ ਨਾਰਿਆਂ ਦੀ ਗੂੰਜ ਮੋਦੀ ਦੇ ਕੰਨਾਂ ਤੱਕ ਪਹੁੰਚਾਕੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿੰਨੀ ਕੁਰਬਾਨੀ ਦੇਣੀ ਪਵੇ ਜਥੇਬੰਦੀਆਂ ਪਿੱਛੇ ਨਹੀ ਹੱਟਣਗਈਆਂ।
ਉਸਾਰੀ ਮਿਸਤਰੀ ਯੂਨੀਅਨ (ਏਟਕ) ਕਿਸਾਨਾਂ ਨੇ ਹੱਕ ’ਚ ਆਈ
ਮਾਨਸਾ (ਪੱਤਰ ਪ੍ਰੇਰਕ) ਉਸਾਰੀ ਮਿਸਤਰੀ ਯੂਨੀਅਨ (ਏਟਕ) ਦੀ ਇਕੱਤਰਤਾ ਮੌਕੇ ਜੁੜੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਸਬੰਧੀ ਕਿਸਾਨ ਜਥੇਬੰਦੀਆਂ ਵੱਲੋਂ ਆਰੰਭ ਕੀਤੇ ਗਏ ਅੰਦੋਲਨ ਨੂੰ ਪੂਰੀ ਦੁਨੀਆ ਵਿੱਚ ਮਾਨਤਾ ਤੇ ਹਮਾਇਤ ਮਿਲ ਰਹੀ ਹੈ, ਜਿਸ ਕਾਰਨ ਬੁਖਲਾਹਟ ਵਿੱਚ ਆਈ ਮੋਦੀ ਸਰਕਾਰ ਅੰਦੋਲਨ ਨੂੰ ਗੱਲੀ ਬਾਤੀਂ ਲਮਕਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਤਰ੍ਹਾਂ ਕਿਰਤ ਵਿਰੋਧੀ ਅਤੇ ਕਾਲੇ ਕਾਨੂੰਨਾਂ ਦੇ ਖਿਲਾਫ ਲਾਮਬੰਦੀ ਸਮੇਂ ਦੀ ਮੁੱਖ ਲੋੜ ਹੈ। ਆਪਣੀ ਤਕਰੀਰ ਦੌਰਾਨ ਉਨ੍ਹਾਂ ਕਿਹਾ ਕਿ ਸਰਮਾਏਦਾਰ ਤਾਕਤਾਂ ਤੇ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਪਹੁੰਚਾਉਣ ਲਈ ਕਿਰਤ ਵਿਰੋਧੀ ਕਾਲੇ ਕਾਨੂੰਨ ਲਾਗੂ ਕਰਕੇ ਕਿਰਤੀ ਲੋਕਾਂ ਨੂੰ ਹੋਰ ਕੰਮਜੋਰ ਕਰਨ ਦੇ ਯਤਨ ਕੀਤੇ ਗਏ ਹਨ ਅਤੇ ਇਸ ਤੋਂ ਮਿਲਣ ਵਾਲੇ ਲਾਭ ਵੀ ਖਤਮ ਕਰਨ ਵਾਲੇ ਪਾਸੇ ਸਰਕਾਰ ਜਾ ਰਹੀ ਹੈ। ਏਟਕ ਦੇ ਜ਼ਿਲ੍ਹਾ ਕਨਵੀਨਰ ਦਰਸ਼ਨ ਪੰਧੇਰ ਨੇ ਕਿਹਾ ਕਿ ਜ਼ਿਲ੍ਹਾ ਏਟਕ ਵੱਲੋਂ ਕਾਲੇ ਕਾਨੂੰਨਾਂ ਸਮੇਂ ਤੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਸੈਂਕੜੇ ਸਾਥੀ ਦਿੱਲੀ ਕੂਚ ਕਰਨਗੇ। ਇਸ ਮੌਕੇ ਸਰਵ-ਸੰਮਤੀ ਨਾਲ ਸੁਖਪਾਲ ਸਿੰਘ ਉੱਭਾ ਨੂੰ ਪ੍ਰਧਾਨ ਅਤੇ ਸਕੱਤਰ ਮੱਖਣ ਖੋਖਰ, ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਘਰਾਂਗਣਾ, ਪੱਪੀ ਸਿੰਘ ਅੱਕਾਂਵਾਲੀ, ਸਹਾਇਕ ਸਕੱਤਰ ਕਸ਼ਮੀਰ ਸਿੰਘ ਮਾਨਸਾ, ਕੈਸ਼ੀਅਰ ਦਰਸ਼ਨ ਪੰਧੇਰ, ਸਲਾਹਕਾਰ ਕ੍ਰਿਸ਼ਨ ਚੌਹਾਨ, ਬਲਵੰਤ ਭੈਣੀ ਬਾਘਾ, ਦੇਸਾ ਸਿੰਘ ਘਰਾਂਗਣਾ ਅਤੇ ਸਰਪ੍ਰਸਤ ਸੁਖਦੇਵ ਸਿੰਘ ਸਮੇਤ ਪੰਦਰਾਂ ਮੈਂਬਰੀ ਕਮੇਟੀ ਸਰਵ ਸੰਮਤੀ ਨਾਲ ਚੁਣੀ ਗਈ।
ਦਿੱਲੀ ਮੋਰਚੇ ਲਈ ਰੋਜ਼ਾਨਾ ਦੁੱਧ ਦੀ ਸੇਵਾ
ਭਦੌੜ (ਪੱਤਰ ਪ੍ਰੇਰਕ) ਦਿੱਲੀ ਮੋਰਚੇ ਲਈ ਜਿੱਥੇ ਪੰਜਾਬ ਦੇ ਪਿੰਡਾਂ ਦੇ ਲੋਕ ਹਰ ਤਰਾਂ ਦੀ ਮਦਦ ਪਹੁੰਚਾ ਰਹੇ ਉੱਥੇ ਐਨਆਰਆਈਜ਼ ਵੀਰ ਵੀ ਮਦਦ ਭੇਜ ਰਹੇ ਹਨ। ਨੇੜਲੇ ਪਿੰਡ ਅਲਕੜ੍ਹਾ ਦੇ ਫ਼ਰਾਸ ਵਸਦੇ ਅਰਸ਼ਦੀਪ ਸਿੰਘ ਪੁੱਤਰ ਜਗਰੂਪ ਸਿੰਘ ਨੇ ਦਿੱਲੀ ਲੰਗਰ ਲਈ ਰੋਜਾਨਾ 4 ਡਰੰਮ ਦੁੱਧ ਦੇ ਲਗਭਗ ਪੌਣੇ ਦੋ ਕੁਇੰਟਲ ਭੇਜਣ ਦੀ ਸੇਵਾ ਲਈ ਹੈ। ਅੱਜ ਦੁੱਧ ਦਿੱਲੀ ਲਿਜਾਣ ਸਮੇਂ ਸੇਵਕ ਸਿੰਘ, ਬਲਵਿੰਦਰ ਸਿੰਘ ਅਲਕੜ੍ਹਾ, ਬੂਟਾ ਸਿੰਘ ਚਾਂਦੀ, ਬਲਕਰਨ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੁੱਧ ਟੀਕਰੀ ਬਾਰਡਰ ’ਤੇ ਪਹੁੰਚਾਇਆ ਜਾਵੇਗਾ। ਸੇਵਕ ਸਿੰਘ ਨੇ ਦੱਸਿਆ ਕਿ ਜਿੰਨੇ ਦਿਨ ਧਰਨਾ ਚੱਲੇਗਾ ਦੁੱਧ ਦੀ ਸੇਵਾ ਨਿਰੰਤਰ ਚੱਲਦੀ ਰਹੇਗੀ। ਅਲਕੜਾ ਪਿੰਡ ਦੇ ਹੀ ਛੋਟੇ ਕਿਸਾਨ ਵੱਲੋਂ ਆਪਣੀ ਇਨੋਵਾ ਗੱਡੀ ਦਿੱਲੀ ਰੋਜ਼ਾਨਾ ਸੇਵਾ ਵਿੱਚ ਭੇਜੀ ਜਾ ਰਹੀ ਹੈ। ਪਿੰਡ ਦੀਪਗੜ੍ਹ ਦੇ ਸਰਪੰਚ ਤਕਵਿੰਦਰ ਸਿੰਘ ਤੇ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ 4 ਕੁਇੰਟਲ ਖੋਏ ਦੀਆਂ ਪਿੰਨੀਆਂ ਤੇ 2 ਕੁਇੰਟਲ ਪੰਜੀਰੀ ਭੇਜੀ ਗਈ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਵਾਸੀਆਂ ਵੱਲੋਂ ਕਿਸਾਨੀ ਮੋਰਚੇ ਦੀ ਜਿੱਤ ਲਈ ਅਰਦਾਸ ਕਰਵਾਈ ਗਈ।