ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਜੂਨ
ਇਥੇ ਮੱਛੀ ਮਾਰਕੀਟ ਦੇ ਉਜਾੜੇ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ ਜਨਤਕ ਜਥੇਬੰਦੀ ਆਗੂਆਂ ਤੇ ਹੋਰਾਂ ਦੀ ਰਿਹਾਈ ਲਈ ਪ੍ਰਸ਼ਾਸਨ ਤੇ ਵਿਧਾਇਕ ਹਰਜੋਤ ਕਮਲ ਦਾ ਅੱਜ ਦੂਜੇ ਦਿਨ ਵੀ ਪੁਤਲਾ ਫੂਕ ਕੇ ਰੋਸ ਪ੍ਰਗਟਾਇਆ ਗਿਆ। ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮੰਗਾ ਸਿੰਘ ਵੈਰੋਕੇ ਅਤੇ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ, ਨੌਜਵਾਨ ਭਾਰਤ ਸਭਾ ਦੇ ਮੰਗਾ ਆਜ਼ਾਦ, ਪੀਐੱਸਯੂ ਦੇ ਜ਼ਿਲ੍ਹਾ ਆਗੂ ਜਗਵੀਰ ਕੌਰ ਮੋਗਾ ਨੇ ਜੇਲ੍ਹ ਵਿੱਚ ਬੰਦ ਜਥੇਬੰਦੀ ਦੇ ਆਗੂਆਂ ਉਪਰ ਪਾਏ ਕੇਸ ਤੁਰੰਤ ਰੱਦ ਕਰਨ ਅਤੇ ਰਿਹਾਈ ਦੀ ਮੰਗ ਕੀਤੀ। ਉਨ੍ਹਾਂ ਮੱਛੀ ਮਾਰਕੀਟ ਦਾ ਉਜਾੜਾ ਬੰਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਨਿਭਾਵੇ। ਉਨ੍ਹਾਂ ਕਿਹਾ ਕਿ ਵਿਧਾਇਕ ਦੇ ਕਥਿਤ ਇਸ਼ਾਰੇ ਉੱਤੇ ਨਗਰ ਸੁਧਾਰ ਟਰਸਟ ਅਧਿਕਾਰੀਆਂ ਨੇ 43 ਸਾਲਾਂ ਤੋਂ ਚਲਦੀ ਆ ਰਹੀ ਮੱਛੀ ਮਾਰਕੀਟ ਨੂੰ ਉਜਾੜਿਆ ਹੈ, ਜਿਸ ਤੋਂ 40 ਦੇ ਲਗਪਗ ਪਰਿਵਾਰਾਂ ਦਾ ਚੁੱਲ੍ਹਾ ਚੱਲਦਾ ਸੀ। ਉਨ੍ਹਾਂ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਪੀਐੱਸਯੂ ਦੇ ਮੋਹਨ ਔਲਖ, ਨੌਜਵਾਨ ਭਾਰਤ ਸਭਾ ਦੇ ਕਰਮਜੀਤ ਕੋਟਕਪੂਰਾ ਅਤੇ ਪੇਂਡੂ ਮਜ਼ਦੂਰ ਯੂਨੀਅਨ ਭਰਭੂਰ ਸਿੰਘ ਸਣੇ 44 ਲੋਕਾਂ ਨੁੰ ਗ੍ਰਿਫ਼ਤਾਰ ਕਰਕੇ 4 ਦਿਨ ਤੋਂ ਅੱਤ ਦੀ ਗਰਮੀ ਵਿੱਚ ਬਿਨਾਂ ਪੱਖਿਆਂ ਤੋਂ ਗੈਰ-ਮਨੁੱਖੀ ਹਾਲਤਾਂ ਵਿੱਚ ਕੋਵਿਡ-19 ਲਈ ਸਥਾਪਿਤ ਅਸਥਾਈ ਜੇਲ੍ਹ ਬਹੁਮੰਤਵੀ ਸਟੇਡੀਅਮ ਵਿੱਚ ਹੋਇਆ ਹੈ।
ਜੈਤੋ (ਸ਼ਗਨ ਕਟਾਰੀਆ): ਕਿਰਤੀ ਕਿਸਾਨ ਯੂਨੀਅਨ ਨੇ ਸਬ-ਡਿਵੀਜ਼ਨ ਜੈਤੋ ਦੇ ਪਿੰਡਾਂ ’ਚ ਮੋਗਾ ਦੇ ਕਾਂਗਰਸੀ ਵਿਧਾਇਕ ਹਰਜੋਤ ‘ਕਮਲ’ ਦੇ ਪੁਤਲੇ ਸਾੜੇ। ਪ੍ਰਦਰਸ਼ਨਕਾਰੀ ਮੋਗਾ ਦੀ ਮੱਛੀ ਮੰਡੀ ਦੇ ਕਥਿਤ ਉਜਾੜੇ ਦਾ ਵਿਰੋਧ ਕਰਨ ਵਾਲੇ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀ ਕੇ ਅਤੇ ਉਨ੍ਹਾਂ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ 44 ਹੋਰਨਾਂ ਵਿਖਾਵਾਕਾਰੀਆਂ ਦੀਆਂ ਗ੍ਰਿਫ਼ਤਾਰੀਆਂ ਦਾ ਵਿਰੋਧ ਕਰ ਰਹੇ ਸਨ। ਯੂਨੀਅਨ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸਰਬਜੀਤ ਸਿੰਘ ਅਜਿੱਤਗਿੱਲ ਅਤੇ ਜਨਰਲ ਸਕੱਤਰ ਸਰਦੂਲ ਸਿੰਘ ਕਾਸਮਭੱਟੀ ਦੀ ਅਗਵਾਈ ਵਿਚ ਇਹ ਪ੍ਰਦਰਸ਼ਨ ਅਜਿੱਤਗਿੱਲ, ਜੈਤੋ, ਕੋਠੇ ਮਾਹਲਾ ਸਿੰਘ, ਕੋਠੇ ਜੈਦਾਂ (ਮੱਤਾ), ਹਰੀ ਨੌਂ ਸਮੇਤ ਡੇਢ ਦਰਜਨ ਪਿੰਡਾਂ ਵਿਚ ਹੋਏ।
ਸਮਾਲਸਰ (ਗੁਰਜੰਟ ਕਲਸੀ): ਰੋਡੇ, ਵੱਡਾ ਘਰ , ਛੋਟਾ ਘਰ, ਰੋਡੇ ਖੁਰਦ ਵਿਚ ਕਿਰਤੀ ਕਿਸਾਨ ਯੂਨੀਅਨ ਨੇ ਅੱਜ ਦੂਜੇ ਦਿਨ ਅਰਥੀ ਫੂਕ ਪ੍ਰਦਰਸ਼ਨ ਕੀਤਾ। ਪੇਂਡੂ ਮਜ਼ਦੂਰ ਯੂਨੀਅਨ ਦੇ ਬਲਾਕ ਪ੍ਰਧਾਨ ਹਰਬੰਸ ਸਿੰਘ ਰੋਡੇ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਚਮਕੌਰ ਸਿੰਘ ਰੋਡੇ ਖੁਰਦ ਤੇ ਜਸਵਿੰਦਰ ਕੌਰ ਵੱਡਾ ਘਰ ਨੇ ਮੋਗਾ ਦੀ ਮੱਛੀ ਮਾਰਕੀਟ ਉਜਾੜਨ ਵਾਲੇ ਅਤੇ ਕਿਰਤੀ ਲੋਕਾਂ ਤੋਂ ਰੁਜ਼ਗਾਰ ਖੋਹਣ ਵਾਲੇ ਮੋਗਾ ਤੋਂ ਵਿਧਾਇਕ ਦਾ ਪੁਤਲਾ ਫੂਕਿਆ। ਉਨ੍ਹਾਂ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ।