ਬਲਜੀਤ ਸਿੰਘ
ਸਰਦੂਲਗੜ੍ਹ, 17 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਮਾਨਸਾ ਵੱਲੋਂ ਕੋ-ਆਪ੍ਰੇਟਿਵ ਬੈਂਕ ਫੱਤਾ ਮਾਲੋਕਾ ਦੇ ਗੇਟ ਅੱਗੇ ਧਰਨਾ ਲਾ ਕੇ ਬੈਂਕ ਮੈਨੇਜਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਚਰਨ ਸਿੰਘ ਅਤੇ ਬਲਾਕ ਪ੍ਰਧਾਨ ਬਲਵੀਰ ਸਿੰਘ ਝੰਡੂਕੇ ਨੇ ਕਿਹਾ ਕਿ ਜਗਰੂਪ ਸਿੰਘ ਪੁੱਤਰ ਬਚਨ ਸਿੰਘ ਵਾਸੀ ਪਿੰਡ ਝੰਡੂਕੇ ਨੇ ਇਸ ਬੈਂਕ ਤੋਂ ਕਰਜ਼ਾ ਲਿਆ ਸੀ। ਉਨ੍ਹਾਂ ਉਹ ਸਾਰਾ ਕਰਜ਼ਾ 2011 ਤੱਕ ਵਾਪਸ ਕਰ ਦਿੱਤਾ ਸੀ ਪਰ ਕਿਸਾਨ ਵੱਲੋਂ ਬੈਂਕ ’ਚ ਵਾਰ-ਵਾਰ ਗੇੜੇ ਮਾਰਨ ਦੇ ਬਾਵਜੂਦ ਵੀ ਬੈਂਕ ਅਧਿਕਾਰੀਆਂ ਵੱਲੋਂ ਉਸ ਨੂੰ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਇਹ ਮਸਲਾ ਭਾਰਤੀ ਕਿਸਾਨ ਯੂਨੀਅਨ ਮਾਨਸਾ ਕੋਲ ਰੱਖਿਆ ਸੀ। ਇਸ ’ਤੇ ਯੂਨੀਅਨ ਦੇ ਆਗੂ ਸਬੰਧਤ ਮੈਨੇਜਰ ਨੂੰ ਮਿਲੇ ਸਨ ਪਰ ਮੈਨੇਜਰ ਦਾ ਰਵੱਈਆ ਕਿਸਾਨ ਪ੍ਰਤੀ ਬਹੁਤ ਹੀ ਮਾੜਾ ਰਿਹਾ ਤੇ ਮੈਨੇਜਰ ਨੂੰ ਮਿਲਣ ਗਏ ਕਿਸਾਨਾਂ ਨਾਲ ਮੈਨੇਜਰ ਵੱਲੋਂ ਗ਼ਲਤ ਵਿਵਹਾਰ ਕੀਤਾ ਗਿਆ ਜਿਸ ਦੇ ਵਿਰੋਧ ਵਿਚ ਅੱਜ ਕਿਸਾਨਾਂ ਵੱਲੋਂ ਧਰਨਾ ਲਗਾ ਕੇ ਮੈਨੇਜਰ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਸਬੰਧਤ ਮਹਿਕਮੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਮੈਨੇਜਰ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣ। ਇਸ ਮੌਕੇ ਮੀਤ ਪ੍ਰਧਾਨ ਸੁਖਦੇਵ ਸਿੰਘ ਕੋਟਲੀ, ਜ਼ਿਲ੍ਹਾ ਪ੍ਰਧਾਨ ਕਾਕਾ ਸਿੰਘ ਤਲਵੰਡੀ ਅਕਲੀਆ, ਜਗਪਾਲ ਸਿੰਘ ਪੇਰੋਂ ਬਲਾਕ ਆਗੂ ਝੁਨੀਰ ਸਮੂਹ ਕਿਸਾਨ ਅਤੇ ਜਥੇਬੰਦੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ। ਅੰਤ ਵਿਚ ਕੋਆਪਰੇਟ ਬੈਂਕ ਦੇ ਮੈਨੇਜਰ ਸਰਬਜੀਤ ਸਿੰਘ ਨੇ ਧਰਨੇ ’ਚ ਪਹੁੰਚ ਕੇ ਧਰਨਾਕਾਰੀਆਂ ਤੋਂ ਮੁਆਫ਼ੀ ਮੰਗਦਿਆਂ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ। ਉਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ।