ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 22 ਜੂਨ
ਹਾਲ ਹੀ ਵਿਚ ਵਿਆਹ ਬੰਧਨ ’ਚ ਬੱਝੇ ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਸ਼ੁਕਰਾਨੇ ਵਜੋਂ ਆਪਣੇ ਪਤੀ ਐਡਵੋਕੇਟ ਸ਼ਾਹਬਾਜ਼ ਸਿੰਘ ਸੋਹੀ, ਸੱਸ ਸ਼ੀਲਮ ਸੋਹੀ ਅਤੇ ਸਹੁਰਾ ਪਰਿਵਾਰ ਸਮੇਤ ਇੱਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ। ਤਖ਼ਤ ਸਾਹਿਬ ਪੁੱਜਣ ’ਤੇ ਕੈਬਨਿਟ ਮੰਤਰੀ ਗਗਨਦੀਪ ਕੌਰ ਉਰਫ ਅਨਮੋਲ ਗਗਨ ਮਾਨ ਦਾ ਉਪ ਮੰਡਲ ਦੇ ਸਿਵਲ ਅਤੇ ਪੁਲੀਸ ਅਧਿਕਾਰੀਆਂ ਵਿੱਚੋਂ ਐੱਸਡੀਐੱਮ ਤਲਵੰਡੀ ਸਾਬੋ ਹਰਵਿੰਦਰ ਸਿੰਘ ਜੱਸਲ ਅਤੇ ਡੀਐੱਸਪੀ ਰਾਜੇਸ਼ ਸਨੇਹੀ ਨੇ ਰਸਮੀ ਸਵਾਗਤ ਕੀਤਾ। ਤਖ਼ਤ ਸਾਹਿਬ ਮੱਥਾ ਟੇਕਣ ਉਪਰੰਤ ਬੀਬੀ ਮਾਨ ਅਤੇ ਪਰਿਵਾਰਕ ਮੈਂਬਰਾਂ ਨੇ ਕੀਰਤਨ ਸਰਵਣ ਕੀਤਾ ਜਦਕਿ ਤਖ਼ਤ ਸਾਹਿਬ ਦੇ ਮੈਨੇਜਰ ਭਾਈ ਰਣਜੀਤ ਸਿੰਘ ਨੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਗਗਨ ਅਨਮੋਲ ਮਾਨ ਅਤੇ ਉਨ੍ਹਾਂ ਦੇ ਪਤੀ ਨੂੰ ਸਿਰੋਪਾ ਅਤੇ ਤਖ਼ਤ ਸਾਹਿਬ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ। ਪ੍ਰਬੰਧਕਾਂ ਵੱਲੋਂ ਬੀਬੀ ਮਾਨ ਅਤੇ ਸਮੁੱਚੇ ਪਰਿਵਾਰ ਨੂੰ ਤਖ਼ਤ ਸਾਹਿਬ ਦੇ ਇਤਿਹਾਸ ਤੋਂ ਵੀ ਜਾਣੂ ਕਰਵਾਇਆ ਗਿਆ। ਕੈਬਨਿਟ ਮੰਤਰੀ ਨੇ ਇਸ ਮੌਕੇ ਭੋਰਾ ਸਾਹਿਬ ਦੇ ਵੀ ਦਰਸ਼ਨ ਕੀਤੇ।
ਤਖ਼ਤ ਸਾਹਿਬ ਮੱਥਾ ਟੇਕਣ ਉਪਰੰਤ ਬੀਬੀ ਮਾਨ ਨੇ ਇਸ ਨੂੰ ਪਰਿਵਾਰ ਦਾ ਸ਼ੁਕਰਾਨਾ ਦੌਰਾ ਦੱਸਦਿਆਂ ਕੋਈ ਗੱਲਬਾਤ ਕਰਨ ਇਨਕਾਰ ਕਰ ਦਿੱਤਾ ਪਰ ਇਸ ਮੌਕੇ ਤਖ਼ਤ ਸਾਹਿਬ ਦੇ ਮੈਨੇਜਰ ਭਾਈ ਰਣਜੀਤ ਸਿੰਘ ਨੇ ਉਨ੍ਹਾਂ ਦੇ ਮਹਿਕਮੇ ਦੇ ਅਧਿਕਾਰ ਖੇਤਰ ਹੇਠ ਆਉਂਦੇ ਕੁਝ ਕਰਨਯੋਗ ਕੰਮਾਂ ਵੱਲ ਉਨ੍ਹਾਂ ਦਾ ਧਿਆਨ ਦਿਵਾਇਆ ਜਿਸ ਬਾਰੇ ਉਨ੍ਹਾਂ ਹਾਂ ਪੱਖੀ ਹੁੰਗਾਰਾ ਭਰਦਿਆਂ ਕਿਹਾ ਕਿ ਉਹ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਵਿਚਾਰਨਗੇ। ਇਸ ਮੌਕੇ ਤਖ਼ਤ ਸਾਹਿਬ ਦੇ ਮੀਤ ਮੈਨੇਜਰ ਗੁਰਦੇਵ ਸਿੰਘ ਸੰਧੂ, ਨਾਇਬ ਤਹਿਸੀਲਦਾਰ, ਥਾਣਾ ਤਲਵੰਡੀ ਸਾਬੋ ਮੁਖੀ ਪਰਬਤ ਸਿੰਘ ਅਤੇ ਵਰਿੰਦਰ ਕੁਮਾਰ ਵੀ ਮੌਜੂਦ ਸਨ।