ਭਗਤਾ ਭਾਈ: ਸੰਨ 1971 ਦੀ ਭਾਰਤ-ਪਾਕਿ ਜੰਗ ਦੇ ਸ਼ਹੀਦ ਲੈਫ਼ਟੀਨੈਂਟ ਜਸਮੇਲ ਸਿੰਘ ਖੋਖਰ ਦੀ 50ਵੀਂ ਸਲਾਨਾ ਬਰਸੀ ਪਰਿਵਾਰ ਵੱਲੋਂ ਪਿੰਡ ਸਿਰੀਏਵਾਲਾ ਵਿੱਚ ਉਨ੍ਹਾਂ ਦੀ ਯਾਦ ’ਚ ਬਣੀ ਸ਼ਹੀਦੀ ਯਾਦਗਾਰ ’ਤੇ ਮਨਾਈ ਗਈ। ਇਸ ਮੌਕੇ ਸ੍ਰੀ ਸਾਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ। ਨੰਬਰਦਾਰ ਦਰਸ਼ਨ ਸਿੰਘ ਸਿਰੀਏਵਾਲਾ ਨੇ ਦੱਸਿਆ ਕਿ ਜਸਮੇਲ ਸਿੰਘ ਪਹਿਲੇ ਕੈਡਿਟ ਸਨ, ਜਿਨ੍ਹਾਂ ਨੇ ਕੈਡਿਟ ਸਾਰਜੈਂਟ ਐੱਨਸੀਸੀ (ਹਵਾਈ ਵਿੰਗ) ਤੇ ਪੁਸ਼ਪਕ ਜਹਾਜ਼ ਦੀ ਸੋਲੋ ਉਡਾਨ ਪੂਰੀ ਕੀਤੀ। ਇਸ ਯੋਗਤਾ ਦੇ ਆਧਾਰ ’ਤੇ ਹੀ ਉਨ੍ਹਾਂ ਨੂੰ ਪ੍ਰਾਈਵੇਟ ਪਾਇਲਟ ਲਾਇਸੈਂਸ ਮਿਲਿਆ। ਇਸ ਉਪਰੰਤ ਉਹ 1969 ਵਿਚ ਫ਼ੌਜ ’ਚ ਭਰਤੀ ਹੋ ਗਏ ਤੇ ਸੰਨ 1970 ਵਿਚ ਹੀ ਉਨ੍ਹਾਂ ਨੇ ਕਮਿਸਨਡ ਆਫ਼ੀਸਰ (ਸੈਕਿੰਡ ਲੈਫਟੀਨੈਂਟ) ਦਾ ਅਹੁਦਾ ਹਾਸਲ ਕਰ ਲਿਆ। ਉਨ੍ਹਾਂ ਦੱਸਿਆ ਕਿ ਸੰਨ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਸ਼ਹੀਦ ਖੋਖਰ ਬਹਾਦਰੀ ਦੇ ਜੌਹਰ ਦਿਖਾਉਂਦਿਆਂ ਖੁਲਨਾ ਸੈਕਟਰ (ਬੰਗਲਾ ਦੇਸ਼) ਵਿੱਚ ਸ਼ਹੀਦ ਹੋ ਗਏ। ਸਮਾਗਮ ਦੌਰਾਨ ਡਾ. ਸਮੀਰ ਗਰੋਵਰ ਦਿੱਲੀ, ਐਡਵੋਕੇਟ ਪਰਮਜੀਤ ਸਿੰਘ ਰੰਧਾਵਾ (ਅਮਰੀਕਾ), ਸੇਵਾ ਮੁਕਤ ਕਰਨਲ ਨਿਰਮਲ ਸਿੰਘ ਚੰਡੀਗੜ੍ਹ, ਸ਼ਮਿੰਦਰ ਸਿੰਘ ਫਰੀਦਕੋਟ, ਵਿੰਗ ਕਮਾਂਡਰ ਜਸਵੰਤ ਸਿੰਘ ਖੋਖਰ, ਨੰਬਰਦਾਰ ਦਰਸ਼ਨ ਸਿੰਘ, ਜਗਤਾਰ ਸਿੰਘ ਖੋਖਰ, ਗਿੰਨੀ ਖੋਖਰ, ਯਾਦਵਿੰਦਰ ਸਿੰਘ ਸਿਰੀਏਵਾਲਾ, ਜਿੰਮੀ ਖੋਖਰ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ