ਖੇਤਰੀ ਪ੍ਰਤੀਨਿਧ
ਬਰਨਾਲਾ, 6 ਨਵੰਬਰ
ਕੇਂਦਰੀ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ’ਤੇ ਲੱਗੇ ਸਾਂਝੇ ਕਿਸਾਨ ਧਰਨੇ ’ਚ ਅੱਜ ਲੋਕ-ਕਵੀ ਸੰਤ ਰਾਮ ਉਦਾਸੀ ਦੀ 35ਵੀਂ ਬਰਸੀ ਬਹੁਤ ਭਾਵਪੂਰਤ ਤੇ ਜੋਸ਼ੀਲੇ ਅੰਦਾਜ਼ ਵਿੱਚ ਮਨਾਈ ਗਈ। ਦੱਸਣਯੋਗ ਹੈ ਕਿ ਸੰਨ 1986 ਵਿੱਚ ਅੱਜ ਦੇ ਦਿਨ ਉਦਾਸੀ ਜੀ, ਨੰਦੇੜ ਸਾਹਿਬ ਤੋਂ ਵਾਪਸੀ ਸਮੇਂ, ਮਨਮਾਡ (ਮਹਾਂਰਾਸ਼ਟਰ) ਨੇੜੇ ਟਰੇਨ ਵਿੱਚ ਹੀ ਸਦੀਵੀ ਵਿਛੋੜਾ ਦੇ ਗਏ ਹਨ। ਉਦਾਸੀ ਨੇ ਆਪਣੀ ਸਾਰੀ ਉਮਰ ਲੋਕ ਹਿੱਤਾਂ ਦੇ ਲੇਖੇ ਲਾਈ। ਆਪਣੇ ਗੀਤਾਂ ਰਾਹੀਂ ਲੋਕਾਂ ਦੀਆਂ ਦੁੱਖਾਂ/ਦੁਸ਼ਵਾਰੀਆਂ ਦੀ ਗੱਲ ਕਰਨ ਬਦਲੇ ਉਸ ਨੇ ਸਰਕਾਰੀ ਜ਼ਬਰ ਆਪਣੇ ਪਿੰਡੇ ’ਤੇ ਹੰਢਾਇਆ। ਅੱਜ ਵੀ ਸੰਘਰਸ਼ਾਂ ਦੇ ਪਿੜਾਂ ਵਿੱਚ ਉਦਾਸੀ ਦੇ ਗੀਤ ਅਕਸਰ ਗਾਏ ਜਾਂਦੇ ਹਨ। ਅੱਜ ਵੀ ਧਰਨੇ ਵਿੱਚ ਉਨ੍ਹਾਂ ਦੇ ਹੀ ਗੀਤ ਗਾਏ ਅਤੇ ਜੀਵਨ ਸੰਘਰਸ਼ ਬਾਰੇ ਚਰਚਾ ਕੀਤੀ ਗਈ। ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ। ਬੁਲਾਰਿਆਂ ਨੇ ਕੱਲ੍ਹ ਬੀਜੇਪੀ ਦੇ ਰਾਜ ਸਭਾ ਮੈਂਬਰ ਰਾਮ ਚੰਦਰ ਜਾਂਗੜਾ ਵੱਲੋਂ ਕਿਸਾਨਾਂ ਖਿਲਾਫ ਵਰਤੀ ਭੱਦੀ ਸ਼ਬਦਾਵਲੀ ਦੀ ਸਖ਼ਤ ਨਿਖੇਧੀ ਕੀਤੀ।
ਮਹਿਲ ਕਲਾਂ (ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਖ਼ਿਲਾਫ਼ ਮਹਿਲ ਕਲਾਂ ’ਚ ਚੱਲ ਰਹੇ ਪੱਕੇ ਮੋਰਚੇ ’ਤੇ ਲੋਕ ਕਵੀ ਸੰਤ ਰਾਮ ਉੁਦਾਸੀ ਦੀ ਬਰਸੀ ਮਨਾਈ ਗਈ।
ਲਬਿਰੇਸ਼ਨ ਵੱਲੋਂ ਸੰਤ ਰਾਮ ਉਦਾਸੀ ਨੂੰ ਸਿਜਦਾ
ਸੀਪੀਆਈ (ਐੱਮਐੱਲ) ਲਬਿਰੇਸ਼ਨ ਵੱਲੋਂ ਬਰਨਾਲਾ ਵਿੱਚ ਜੁਝਾਰੂ ਕਵੀ ਸੰਤ ਰਾਮ ਉਦਾਸੀ ਦੀ ਬਰਸੀ ਮਨਾਈ ਗਈ। ਇਸ ਮੌਕੇ ਲਬਿਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਗੁਰਪ੍ਰੀਤ ਰੂੜੇਕੇ ਨੇ ਕਿਹਾ ਕਿ ਉਦਾਸੀ ਦੇ ਗੀਤਾਂ ਦੀ ਪ੍ਰਸੰਗਿਤਾ ਅਜੋਕੇ ਕਿਸਾਨੀ ਸੰਘਰਸ਼ ਦੌਰਾਨ ਹੋਰ ਵੀ ਵਧ ਗਈ ਹੈ। ਕਿਹਾ ਕਿ ਦੇਸ਼ ਅੰਦਰ ਅੱਜ ਹਰ ਵਰਗ ਦੇ ਵਿਰੋਧ ਵਿੱਚ ਨਵੇਂ-ਨਵੇਂ ਕਾਨੂੰਨ ਬਣਾ ਕੇ ਕਾਰਪੋਰੇਟ ਘਰਾਣਿਆਂ ਨੂੰ ਲੁੱਟ ਕਰਨ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ। ਇਸ ਸਬੰਧੀ ਉਦਾਸੀ ਜੀ ਨੇ 4 ਦਹਾਕੇ ਪਹਿਲਾਂ ਹੀ ਆਪਣੀਆਂ ਰਚਨਾਵਾਂ ਵਿੱਚ ਅੰਦੇਸ਼ਾ ਪ੍ਰਗਟਾਅ ਦਿੱਤਾ ਸੀ। ਪਰਿਵਾਰ ਵੱਲੋਂ ਉਦਾਸੀ ਦੀ ਬੇਟੀ ਨੇ ਯਾਦ ਵਿਚ ਗੀਤ ਵੀ ਪੇਸ਼ ਕੀਤੇ।