ਪੱਤਰ ਪ੍ਰੇਰਕ
ਭਦੌੜ, 24 ਅਗਸਤ
ਪਿੰਡ ਨੈਣੇਵਾਲ ਦੇ ਦਲਿਤ ਪਰਿਵਾਰ ਵਲੋਂ ਆਪਣੀ ਜਗ੍ਹਾ ਸਬੰਧੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਇਨਸਾਫ਼ ਦੀ ਅਪੀਲ ਕਰਨ ਤੋਂ ਬਾਅਦ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਹੋਏ ਸਮਝੌਤੇ ਨੂੰ ਦੂਜੀ ਧਿਰ ਵੱਲੋਂ ਨਾ ਮੰਨਣ ’ਤੇ ਮਜ਼ਦੂਰ ਸੰਘਰਸ਼ ਕਮੇਟੀ ਵਿੱਚ ਭਾਰੀ ਰੋਸ ਹੈ। ਲਬਿਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਗੁਰਪ੍ਰੀਤ ਰੂੜੇਕੇ, ਸਾਬਕਾ ਕੌਂਸਲਰ ਪਰਮਜੀਤ ਸਿੰਘ ਸੇਖੋਂ ਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਪਿੰਡ ਨੈਣੇਵਾਲ ਦੇ ਮਜ਼ਦੂਰ ਬੂਟਾ ਸਿੰਘ ਨੂੰ ਪਿੰਡ ਦੇ ਹੀ ਇਕ ਵਿਅਕਤੀ ਵੱਲੋਂ ਉਸ ਦਾ ਘਰ ਖਾਲੀ ਕਰਵਾਉਣ ਲਈ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਆਪਣੀ ਪਤਨੀ ਸਮੇਤ 17 ਅਗਸਤ ਨੂੰ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਕੇ ਇਨਸਾਫ਼ ਦੀ ਗੁਹਾਰ ਲਗਾਈ ਸੀ। ਇਸ ਮਗਰੋਂ 18 ਅਗਸਤ ਨੂੰ ਡੀਐੱਸਪੀ ਤਪਾ, ਐੱਸਐੱਚਓ ਭਦੌੜ ਅਤੇ ਤਹਿਸੀਲਦਾਰ ਭਦੌੜ ਨੇ ਦੋਵੋਂ ਧਿਰਾਂ ਵਿਚਾਲੇ ਸਮਝੌਤਾ ਕਰਵਾ ਦਿੱਤਾ ਸੀ ਤੇ ਦੋਵੋਂ ਧਿਰਾਂ ਨੂੰ ਸਮਝੌਤਾ ਮਨਜ਼ੂਰ ਸੀ। ਇਸ ਸਬੰਧੀ ਅੱਜ ਥਾਣਾ ਭਦੌੜ ਵਿੱਚ ਦੋਵੋਂ ਧਿਰਾਂ ਨੂੰ ਬੁਲਾਇਆ ਗਿਆ ਸੀ ਜਿਸ ਤੋਂ ਬਾਅਦ ਬੂਟਾ ਸਿੰਘ ਦੀ ਵਿਰੋਧੀ ਧਿਰ ਸਮਝੌਤੇ ਤੋਂ ਸਾਫ ਮੁੱਕਰ ਗਈ। ਆਗੂਆਂ ਨੇ ਕਿਹਾ ਕਿ ਹੁਣ ਜੇਕਰ ਪ੍ਰਸ਼ਾਸਨ ਨੇ 24 ਘੰਟਿਆਂ ਦੇ ਅੰਦਰ ਹੋਇਆ ਸਮਝੌਤਾ ਲਾਗੂ ਨਾ ਕਰਵਾਇਆ ਤਾਂ ਥਾਣਾ ਭਦੌੜ ਵਿੱਚ ਧਰਨਾ ਦਿੱਤਾ ਜਾਵੇਗਾ।