ਪੱਤਰ ਪ੍ਰੇਰਕ
ਮਾਨਸਾ, 16 ਜੁਲਾਈ
ਸੰਯੁਕਤ ਕਿਸਾਨ ਮੋਰਚੇ ਨੇ ਅੱਜ ਇੱਥੇ ਮੀਟਿੰਗ ਦੌਰਾਨ ਮਾਲਵਾ ਖੇਤਰ ਦੇ ਮਾਨਸਾ ਸਣੇ ਹੋਰਨਾਂ ਇਲਾਕਿਆਂ ਵਿੱਚ ਹੜ੍ਹ ਪੀੜਤਾਂ ਦੀ ਮੁੱਢਲੀ ਲੋੜ ਨੂੰ ਪੂਰੀ ਕਰਨ ਦਾ ਫ਼ੈਸਲਾ ਲਿਆ ਹੈ। ਕਿਸਾਨ ਜਥੇਬੰਦੀਆਂ ਵੱਲੋਂ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਦੌਰਾ ਕਰ ਕੇ ਲੋਕਾਂ ਨੂੰ ਫੌਰੀ ਲੋੜ ਵਾਲੀਆਂ ਹਰ ਘਾਟਾਂ ਦਾ ਤੁਰੰਤ ਬੰਦੋਬਸਤ ਕਰ ਕੇ ਉਨ੍ਹਾਂ ਨੂੰ ਪੂਰਾ ਕੀਤਾ ਜਾਵੇ।
ਸੰਯੁਕਤ ਕਿਸਾਨ ਮੋਰਚੇ ਦੀ ਅੱਜ ਇੱਥੇ ਹੋਈ ਮੀਟਿੰਗ ਦੌਰਾਨ ਭਾਕਿਯੂ (ਲੱਖੋਵਾਲ) ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਝੰਡੂਕੇ ਨੇ ਕਿਹਾ ਕਿ ਮਰੀਆਂ ਫ਼ਸਲਾਂ ਤੋਂ ਤੁਰੰਤ ਬਾਅਦ ਨਵੀਂਆਂ ਫ਼ਸਲਾਂ ਬੀਜਣ ਦੇ ਉਪਰਾਲੇ ਦੇ ਨਾਲ-ਨਾਲ ਕਿਸਾਨਾਂ ਨੂੰ ਪੈਰਾਂ ਸਿਰ ਖੜ੍ਹਾ ਕਰਨ ਦੀ ਜ਼ਿੰਮੇਵਾਰੀ ਹੁਣ ਕਿਸਾਨ ਜਥੇਬੰਦੀਆਂ ਸਿਰ ਆ ਗਈ ਹੈ।
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਹੜ੍ਹਾਂ ਨਾਲ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋਣ ਦੇ ਨਾਲ-ਨਾਲ ਖੇਤਾਂ ਵਾਲੇ ਹਜ਼ਾਰਾਂ ਕੋਠੇ ਡਿੱਗ ਪਏ ਹਨ। ਪਾਣੀ ਕਾਰਨ ਫ਼ਸਲਾਂ ਦੇ ਨਾਲ ਨਾਲ ਟਿਊਬਵੈੱਲ ਵੀ ਨੁਕਸਾਨੇ ਗਏ ਹਨ।
ਮੀਟਿੰਗ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਹੜ੍ਹ ਪੀੜਤਾਂ ਲਈ ਰਿਹਾਇਸ਼ੀ, ਖਾਣ-ਪੀਣ ਦੇ ਰਾਸ਼ਨ ਤੇ ਪਸ਼ੂਆਂ ਲਈ ਹਰੇ-ਚਾਰੇ ਦੇ ਫੌਰੀ ਪ੍ਰਬੰਧ ਕੀਤੇ ਜਾਣ। ਇਸ ਉਪਰੰਤ ਫ਼ਸਲੀ ਨੁਕਸਾਨ ਦੀ ਭਰਪਾਈ ਕਰਨ ਆਪਣੀਆਂ ਜ਼ਮੀਨਾਂ ਵਿੱਚੋਂ ਦੋ-ਦੋ ਏਕੜ ਜ਼ਮੀਨ ਵਿੱਚ ਝੋਨੇ ਦੀ ਪਨੀਰੀ ਬੀਜਣ, ਮੱਕ ਬੀਜਣ ਦੇ ਬੰਦੋਬਸਤ ਕੀਤੇ ਜਾਣ, ਬਾਰੇ ਡਿਊਟੀਆਂ ਲਾਈਆਂ ਗਈਆਂ।