ਪੱਤਰ ਪ੍ਰੇਰਕ
ਚਾਉਕੇ, 14 ਅਗਸਤ
ਤਹਿਸੀਲ ਰਾਮਪੁਰਾ ਫੂਲ ਅਧੀਨ ਪੈਂਦੇ ਪਿੰਡ ਜੇਠੂਕੇ ਤੇ ਬੁੱਗਰ ਵਿੱਚ ਪਿਛਲੇ ਦੋ ਮਹੀਨਿਆਂ ਤੋਂ ਮਾਲ ਪਟਵਾਰੀ ਦੀ ਪੋਸਟ ਖ਼ਾਲੀ ਹੋਣ ’ਤੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪਿੰਡ ਵਾਸੀਆਂ ਵੱਲੋਂ 17 ਅਗਸਤ ਨੂੰ ਤਹਿਸੀਲ ਫੂਲ ਵਿੱਚ ਧਰਨਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਬੀਕੇਯੂ ਉਗਰਾਹਾਂ ਦੇ ਬਲਾਕ ਆਗੂ ਨਿੱਕਾ ਸਿੰਘ ਨੇ ਦੱਸਿਆ ਕਿ ਪਿੰਡ ਜੇਠੂਕੇ ਤੇ ਬੁੱਗਰ ਦੋ ਪਿੰਡਾਂ ਦੇ ਮਾਲ ਵਿਭਾਗ ਦਾ ਕੰਮ ਵੇਖਣ ਲਈ ਇੱਕ ਪਟਵਾਰੀ ਦੀ ਪੋਸਟ ਹੈ। ਉਹ ਵੀ ਕਾਫ਼ੀ ਸਮੇਂ ਤੋਂ ਖ਼ਾਲੀ ਪਈ ਹੈ ਜਿਸ ਕਾਰਨ ਪਿੰਡ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਉਹ ਪਹਿਲਾਂ ਏਡੀਸੀ ਬਠਿੰਡਾ ਨੂੰ ਮਿਲੇ ਸੀ। ਉਨ੍ਹਾਂ ਪਟਵਾਰੀ ਨੂੰ ਜਲਦੀ ਹੀ ਨਿਯੁਕਤ ਕਰਨ ਦਾ ਭਰੋਸਾ ਦਿੱਤਾ ਤੇ ਉਨ੍ਹਾ ਸਮਾਂ ਕਿਸੇ ਹੋਰ ਪਟਵਾਰੀ ਨੂੰ ਵਾਧੂ ਚਾਰਜ ਦੇਣ ਬਾਰੇ ਕਿਹਾ। ਉਧਰ, ਪਟਵਾਰੀ ਯੂਨੀਅਨ ਨੇ ਐਲਾਨ ਕੀਤਾ ਹੋਈਆ ਹੈ ਕਿ ਕੋਈ ਵੀ ਪਟਵਾਰੀ ਕਿਸੇ ਵੀ ਪਿੰਡ ਦਾ ਵਾਧੂ ਚਾਰਜ ਨਹੀਂ ਲੈਣਗੇ ਜਿਸ ਕਾਰਨ ਪਟਵਾਰੀ ਹਾਲੇ ਵੀ ਪੋਸਟ ਖ਼ਾਲੀ ਹੋਣ ਕਾਰਨ ਉਹ ਕੱਲ੍ਹ ਫਿਰ ਤਹਿਸੀਲ ਰਾਮਪੁਰਾ ਫ਼ੂਲ ਦੇ ਅਧਿਕਾਰੀਆਂ ਨੂੰ ਮਿਲੇ ਤੇ ਉਨ੍ਹਾਂ ਐਲਾਨ ਕੀਤਾ ਕਿ ਜੇ ਆਉਣ ਵਾਲੀ 17 ਅਗਸਤ ਤੱਕ ਉਨ੍ਹਾਂ ਦੇ ਪਿੰਡ ਵਿੱਚ ਪਟਵਾਰੀ ਨੂੰ ਨਾ ਭੇਜਿਆ ਗਿਆ ਤਾਂ ਉਹ ਤਹਿਸੀਲ ਰਾਮਪੁਰਾ ਫੂਲ ਵਿੱਚ ਅਣਮਿਥੇ ਸਮੇਂ ਲਈ ਧਰਨਾ ਲਗਾਉਣਗੇ। ਇਸ ਸਬੰਧ ’ਚ ਤਹਿਸੀਲਦਾਰ ਸੁਖਬੀਰ ਸਿੰਘ ਨੇ ਕਿਹਾ ਕਿ ਪਟਵਾਰੀ ਡੀਸੀ ਹੀ ਲਗਾਉਂਦੇ ਹਨ ਤੇ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਲਿਆ ਦਿੱਤਾ ਜਾਵੇਗਾ।