ਪੱਤਰ ਪ੍ਰੇਰਕ
ਫਰੀਦਕੋਟ, 12 ਸਤੰਬਰ
ਨਹਿਰੀ ਵਿਭਾਗ ਪੰਜਾਬ ਵੱਲੋਂ ਨਹਿਰੀ ਮੋਘਿਆਂ ਨੂੰ ਛੋਟਾ ਕਰਨ ਦੇ ਫੈਸਲੇ ਖਿਲਾਫ਼ ਕਿਰਤੀ ਕਿਸਾਨ ਯੂਨੀਅਨ ਨੇ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਨਹਿਰੀ ਵਿਭਾਗ ਫਰੀਦਕੋਟ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਣ ਉਪਰੰਤ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਜ਼ਿਲ੍ਹਾ ਆਗੂ ਗੁਰਮੀਤ ਸੰਗਰਾਹੂਰ ਤੇ ਗੁਰਚਰਨ ਸਿੰਘ ਫੌਜੀ ਨੇ ਕਿਹਾ ਕਿ ਪਿੰਡ ਹਰੀ ਨੌ ਦੇ ਮੋਘੇ ਨਹਿਰੀ ਵਿਭਾਗ ਨੇ ਛੋਟੇ ਕਰ ਦਿੱਤੇ ਹਨ। ਜਦਕਿ ਮੋਘਿਆਂ ਹੇਠ ਰਕਬਾ ਪਹਿਲਾਂ ਜਿੰਨਾ ਹੀ ਹੈ, ਇਸ ਲਈ ਮੋਘੇ ਛੋਟੇ ਕਰਕੇ ਨਹਿਰੀ ਪਾਣੀ ਘੱਟ ਕਰਨਾ ਸਰਾਸਰ ਗਲਤ ਹੈ। ਕਿਸਾਨ ਆਗੂਆਂ ਕਿਹਾ ਕਿ ਜਦੋਂ ਇਸ ਸਬੰਧੀ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਦੇ ਨਿਰਦੇਸ਼ਾਂ ਤਹਿਤ ਹੀ ਮੋਘੇ ਛੋਟੇ ਕੀਤੇ ਜਾ ਰਹੇ ਹਨ। ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਪੰਜਾਬ ਦੇ ਸੂਏ, ਕੱਸੀਆਂ ‘ਚ ਸਫਾਈ ਨਾ ਹੋਣ ਕਰਕੇ ਸਮਰੱਥਾ ਤੇ ਅਲਾਟ ਹੋਏ ਪਾਣੀ ਤੋ ਪਹਿਲਾਂ ਹੀ ਘੱਟ ਛੱਡਿਆ ਜਾਂਦਾ ਹੈ। ਕਿਰਤੀ ਕਿਸਾਨ ਯੂਨੀਅਨ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਹਿਰੀ ਪਾਣੀ ’ਚ ਕਟੌਤੀ ਨਾ ਰੋਕੀ ਗਈ ਤੇ ਛੋਟੇ ਕੀਤੇ ਮੋਘੇ ਪਹਿਲਾਂ ਵਾਲੀ ਹਾਲਤ ‘ਚ ਨਾ ਲਿਆਂਦੇ ਗਏ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।