ਜਸਵੰਤ ਜੱਸ
ਫ਼ਰੀਦਕੋਟ, 21 ਅਕਤੂਬਰ
ਡੈਮੋਕਰੇਟਿਕ ਟੀਚਰਜ਼ ਫਰੰਟ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਤੇ ਬਲਾਕ ਸਿੱਖਿਆ ਅਧਿਕਾਰੀਆਂ ਨੂੰ ਮਿਲ ਕੇ ਵਾਰ-ਵਾਰ ਮੰਗ ਪੱਤਰ ਦੇਣ ਤੋਂ ਬਾਅਦ ਸਾਰੇ ਸਕੂਲਾਂ ਵਿੱਚ ਮਿੱਡ-ਡੇਅ ਮੀਲ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਫਰੰਟ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਨੇ ਦੱਸਿਆ ਕਿ ਪਿਛਲੇ ਢਾਈ ਮਹੀਨਿਆਂ ਤੋਂ ਨਾ ਤਾਂ ਕੁਕਿੰਗ ਕਾਸਟ ਤੇ ਨਾ ਹੀ ਅਨਾਜ ਸਕੂਲਾਂ ਵਿੱਚ ਆਇਆ ਹੈ। ਅਧਿਆਪਕ ਜਾਂ ਤਾਂ ਦੁਕਾਨਾਂ ਤੋਂ ਉਧਾਰ ਲੈ ਕੇ ਜਾਂ ਆਪਣੀ ਜੇਬ ਵਿੱਚੋਂ ਪੈਸੇ ਦੇ ਕੇ ਇਸ ਨੂੰ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਨਵੇਂ ਆਏ ਹੁਕਮਾਂ ਮੁਤਾਬਕ ਮਿੱਡ-ਡੇਅ ਮੀਲ ਲਈ ਖਾਤੇ ਕੇਨਰਾ ਬੈਂਕ ਵਿੱਚ ਖੁੱਲ੍ਹਾਉਣੇ ਹਨ, ਜਿਸ ਲਈ ਲੰਬਾ ਸਮਾਂ ਲੱਗੇਗਾ। ਸੁਖਵਿੰਦਰ ਸਿੰਘ ਸੁੱਖੀ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਉਪਰੰਤ ਉਨ੍ਹਾਂ ਦੱਸਿਆ ਹੈ ਕਿ ਜਦੋਂ ਤੱਕ ਸਾਰੇ ਖਾਤੇ ਕੇਨਰਾ ਬੈਕ ਵਿੱਚ ਨਹੀਂ ਖੁੱਲ੍ਹ ਜਾਂਦੇ, ਓਨਾ ਚਿਰ ਮਿੱਡ-ਡੇਅ ਮੀਲ ਦੇ ਖਾਤਿਆਂ ਵਿੱਚ ਪੈਸੇ ਨਹੀਂ ਪਾਏ ਜਾਣਗੇ। ਫਰੀਦਕੋਟ ਜ਼ਿਲ੍ਹੇ ਵਿੱਚ ਕੇਨਰਾ ਬੈਂਕ ਦੀਆਂ ਗਿਣਵੀਆਂ ਸ਼ਾਖਾਵਾਂ ਹੋਣ ਕਾਰਨ ਵੱਡੇ ਪੱਧਰ ’ਤੇ ਮੁਸ਼ਕਿਲ ਖੜ੍ਹੀ ਹੋਣ ਦੇ ਆਸਾਰ ਬਣ ਗਏ ਹਨ। ਇਸ ਲਈ ਮਜਬੂਰ ਹੋ ਕੇ ਡੈਮੋਕਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਫਰੀਦਕੋਟ ਵੱਲੋਂ ਸਮੂਹ ਸਕੂਲਾਂ ਵਿੱਚ ਮਿੱਡ-ਡੇਅ ਮੀਲ ਸਕੀਮ ਅਧੀਨ ਦਿੱਤਾ ਜਾ ਰਿਹਾ ਖਾਣਾ ਮਜ਼ਬੂਰਨ ਬੰਦ ਕਰਨ ਦਾ ਐਲਾਨ ਕੀਤਾ ਗਦਆ ਹੈ ਜਿਸ ਦੀ ਪੂਰੀ ਜ਼ਿੰਮੇਵਾਰੀ ਵਿਭਾਗ ਦੀ ਹੋਵੇਗੀ। ਇੱਥੇ ਇਹ ਵੀ ਵਰਣਨਯੋਗ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਮਿੱਡ-ਡੇਅ ਮੀਲ ਵਰਕਰਾਂ ਦੀ ਤਨਖਾਹ ਵੀ ਨਹੀਂ ਆਈ।
ਇਸ ਮੌਕੇ ਅਧਿਆਪਕ ਆਗੂ ਗਗਨ ਪਾਹਵਾ, ਪ੍ਰਦੀਪ ਸਿੰਘ, ਗੁਰਜਿੰਦਰ ਸਿੰਘ ਡੋਹਕ, ਕੁਲਵਿੰਦਰ ਸਿੰਘ ਬਰਾੜ, ਗੁਰਪ੍ਰੀਤ ਸਿੰਘ ਰੰਧਾਵਾ, ਅਵਤਾਰ ਸਿੰਘ, ਦਿਲਬਾਗ ਸਿੰਘ, ਰਵਿੰਦਰਪਾਲ ਸਿੰਘ ਰਿੰਪੀ ਆਦਿ ਆਗੂ ਹਾਜ਼ਰ ਸਨ।
ਕੈਪਸ਼ਨ: ਮਿੱਡ-ਡੇਅ ਮੀਲ ਸਬੰਧੀ ਜਾਣਕਾਰੀ ਦਿੰਦੇ ਹੋਏ ਅਧਿਆਪਕ।- ਫੋਟੋ: ਜੱਸ