ਜੋਗਿੰਦਰ ਸਿੰਘ ਮਾਨ
ਮਾਨਸਾ, 15 ਜੂਨ
ਮਾਲਵਾ ਪੱਟੀ ਵਿੱਚ ਟਿਊਬਵੈੱਲ ਅੱਜ ਸ਼ਾਮ ਨੂੰ ਉਸ ਵੇਲੇ ਬੰਦ ਹੋ ਗਏ ਜਦੋਂ ਇਲਾਕੇ ਵਿੱਚ ਹਨੇਰੀ ਤੋਂ ਬਾਅਦ ਮੀਂਹ ਪਿਆ। ਇਸ ਮੀਂਹ ਨੇ ਕਈ ਥਾਵਾਂ ’ਤੇ ਚੰਗਾ ਰੰਗ ਬੰਨ੍ਹਿਆ ਅਤੇ ਚਾਰੇ ਪਾਸਿਓ ਠੰਢੀ ਹਵਾ ਦੇ ਬੁੱਲੇ ਆਉਣ ਲੱਗੇ। ਖੇਤਾਂ ਵਿਚ ਡਿੱਗੇ ਅੰਬਰੀ ਪਾਣੀ ਅਤੇ ਠੰਢੀ ਹਵਾ ਨਾਲ ਕਾਰਨ ਚਾਰ-ਚੁਫੇਰੇ ਫਸਲਾਂ ਟਹਿਕਣ ਲੱਗੀਆਂ। ਕਿਸਾਨਾਂ ਨੇ ਬਾਅਦ ਦੁਪਹਿਰ ਅਕਾਸ਼ ਉਪਰ ਚੜ੍ਹੀਆਂ ਕਾਲੀਆਂ ਘਟਾਵਾਂ ਵੇਖ ਕੇ ਟਿਊਬਵੈੱਲ ਬੰਦ ਕਰ ਦਿੱਤੇ। ਖੇਤੀ ਵਿਭਾਗ ਨੇ ਇਸ ਮੀਂਹ ਨੂੰ ਨਰਮੇ ’ਤੇ ਸਭ ਤੋਂ ਵਧੀਆ ਟਾਨਿਕ ਕਰਾਰ ਦਿੱਤਾ ਹੈ। ਮਹਿਕਮੇ ਨੇ ਇਸ ਮੀਂਹ ਦਾ ਸਭ ਤੋਂ ਵੱਧ ਮੁਨਾਫ਼ਾ ਤਾਜ਼ਾ ਲੱਗੇ ਝੋਨੇ ਅਤੇ ਨਰਮੇ ਸਮੇਤ ਪਸ਼ੂਆਂ ਦੇ ਹਰੇ-ਚਾਰੇ ਅਤੇ ਸਬਜ਼ੀਆਂ ਨੂੰ ਵੀ ਦੱਸਿਆ ਹੈ। ਮਹਿਕਮੇ ਦੇ ਮਾਹਿਰਾਂ ਦਾ ਇਹ ਵੀ ਕਹਿਣਾ ਕਿ ਫ਼ਸਲਾਂ ਉਪਰ ਜਿਹੜੀ ਗਰਮੀ ਨੇ ਮਾੜਾ ਅਸਰ ਪਾਇਆ ਸੀ, ਉਹ ਹੁਣ ਇਸ ਮੀਂਹ ਨੇ ਚੰਗਾ ਪ੍ਰਭਾਵ ਪਾ ਦਿੱਤਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐੱਸ ਰੋਮਾਣਾ ਨੇ ਮਾਲਵਾ ਪੱਟੀ ਵਿੱਚ ਇਸ ਮੀਂਹ ਨੂੰ ਸਾਉਣੀ ਦੀਆਂ ਫ਼ਸਲਾਂ ਲਈ ਸ਼ੁੱਭ ਸ਼ੁਰੂਆਤ ਆਖਦਿਆਂ ਕਿਹਾ ਕਿ ਹੁਣ ਕਿਸਾਨਾਂ ਦਾ ਡੀਜ਼ਲ ਅਤੇ ਬਿਜਲੀ ਬਚੇਗੀ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਮੀਂਹ ਨਾਲ ਸਾਉਣੀ ਦੀਆਂ ਫਸਲਾਂ ਵੱਧਣ-ਫੁੱਲਣ ਲੱਗ ਪੈਣਗੀਆਂ। ਪੰਜਾਬ ਸਰਕਾਰ ਨੂੰ ਖੇਤੀ ਸੁਸਾਇਟੀਆਂ ਕੋਲ ਲੋੜੀਂਦੀਆਂ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਤੁਰੰਤ ਭੇਜਣੀਆਂ ਚਾਹੀਦੀਆਂ ਹਨ।
ਸਿਰਸਾ (ਪ੍ਰਭੂ ਦਿਆਲ): ਇਥੇ ਅੱਜ ਹਨੇਰੀ ਮਗਰੋਂ ਭਰਵਾਂ ਮੀਂਹ ਪਿਆ ਤੇ ਨੀਵੀਆਂ ਥਾਵਾਂ ’ਚ ਪਾਣੀ ਭਰ ਗਿਆ। ਲਗਾਤਾਰ ਪੈ ਰਹੇ ਮੀਂਹ ਕਾਰਨ ਨਰਮਾ ਪੱਟੀ ਦੇ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ। ਝੋਨੇ ਵਾਲੇ ਖੇਤਰ ਦੇ ਕਿਸਾਨਾਂ ਨੂੰ ਮੀਂਹ ਦਾ ਕਾਫੀ ਫਾਇਦਾ ਹੋਇਆ ਹੈ। ਇਸੇ ਦੌਰਾਨ ਕਈ ਥਾਵਾਂ ’ਤੇ ਸਬਜ਼ੀਆਂ ਨੂੰ ਵੀ ਨੁਕਸਾਨ ਪੁੱਜਾ ਹੈ।
ਬਰਕਤਵਾਹ ਮਾਈਨਰ ਵਿੱਚ ਪਾੜ ਪਿਆ
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਪਿੰਡ ਬੰਦੀਵਾਲਾ ਦੇ ਕੋਲ ਅੱਜ ਬਰਕਤਵਾਹ ਮਾਈਨਰ ਵਿੱਚ 30 ਫੁੱਟ ਤੋਂ ਵੱਧ ਪਾੜ ਪੈ ਗਿਆ ਤੇ ਝੋਨੇ ਦੀ ਫਸਲ ਵਿੱਚ ਪਾਣੀ ਭਰ ਗਿਆ। ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਮੰਨੇਵਾਲਾ ਨੇ ਦੱਸਿਆ ਕਿ ਬਰਕਤਵਾਹ ਮਾਈਨਰ ਵਿੱਚ ਪਿੰਡ ਬੰਦੀਵਾਲਾ ਵਿਖੇ ਬੁਰਜੀ ਨੰਬਰ 46 ਦੇ ਕੋਲ ਨਹਿਰੀ ਵਿਭਾਗ ਦੀ ਕਥਿਤ ਲਾਪ੍ਰਵਾਹੀ ਕਾਰਨ ਲਗਭਗ 30 ਫੁੱਟ ਚੌੜਾ ਪਾੜ ਪੈ ਗਿਆ ਕਿਉਂਕਿ ਨਹਿਰ ਦੀ ਸਫ਼ਾਈ ਨਹੀਂ ਕੀਤੀ ਗਈ ਸੀ। ਪਾਣੀ ਦੇ ਓਵਰਫਲੋਅ ਹੋਣ ਕਾਰਨ ਨਹਿਰ ਨੂੰ ਪਾੜ ਪੈ ਗਿਆ ਹੈ ਅਤੇ 100 ਏਕੜ ਦੇ ਕਰੀਬ ਝੋਨੇ ਦੀ ਫਸਲ ਨੂੰ ਨੁਕਸਾਨ ਹੋਣ ਦਾ ਖਦਸ਼ਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੋ ਝੋਨਾ ਬੀਜਿਆ ਗਿਆ ਹੈ, ਉਹ ਹਾਲੇ ਛੋਟਾ ਹੈ ਅਤੇ ਨਹਿਰ ਦਾ ਪਾਣੀ ਫਸਲ ਨੂੰ ਪ੍ਰਭਾਵਿਤ ਕਰ ਸਕਦਾ ਹੈ।