ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਅਕਤੂਬਰ
ਇਥੇ ਥਾਣਾ ਕੋਟ ਈਸੇ ਖਾਂ ਵਿੱਚ ਅਫ਼ੀਮ ਤਸਕਰੀ ਦੇ ਬਹੁਚਰਚਿਤ ਮਾਮਲੇ ’ਚ ਨਾਮਜ਼ਦ ਮੁਲਜ਼ਮ ਮੁਅੱਤਲ ਮਹਿਲਾ ਪੁਲੀਸ ਇੰਸਪੈਕਟਰ ਨੂੰ ਜੇਲ੍ਹ ’ਚ ਡੱਕਣ ਲਈ ਵਿਭਾਗੀ ਅਧਿਕਾਰੀਆਂ ਨੇ ਜਾਂਚ ਦਾ ਘੇਰਾ ਹੋਰ ਵਧਾ ਦਿੱਤਾ ਹੈ ਅਤੇ ਮੁਅੱਤਲ ਮਹਿਲਾ ਪੁਲੀਸ ਇੰਸਪੈਕਟਰ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ। ਐੱਸਐੱਸਪੀ ਅਜੇ ਗਾਂਧੀ ਨੇ ਮੁਅੱਤਲ ਮਹਿਲਾ ਪੁਲੀਸ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਖ਼ਿਲਾਫ਼ ਸਥਾਨਕ ਥਾਣਾ ਸਿਟੀ ਦੱਖਣੀ ਵਿੱਚ ਨਸ਼ਾ ਤਸਕਰੀ ਦੋਸ਼ ਹੇਠ ਹੋਰ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ। ਉਨ੍ਹਾਂ ਵਿਵਦਤ ਪੁਲੀਸ ਅਧਿਕਾਰੀ ਦੇ ਘਰੋਂ ਕੁਝ ਨਕਦੀ ਵੀ ਮਿਲਣ ਦਾ ਸੰਕੇਤ ਦਿੰਦਿਆਂ ਕਿਹਾ ਕਿ ਉਸ ਦੇ ਹੋਰ ਟਿਕਾਣਿਆਂ ਦਾ ਪਤਾ ਕਰ ਕੇ ਉਸ ਦੀ ਤਲਾਸ਼ੀ ਲੈਣ ਲਈ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਤਲਾਸ਼ੀ ਮੁਹਿੰਮ ਦੀ ਪੂਰੀ ਜਾਂਚ ਮੁਕੰਮਲ ਹੋਣ ਤੋਂ ਪਹਿਲਾਂ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ। ਥਾਣਾ ਕੋਟ ਈਸੇ ਖਾਂ ਵਿੱਚ ਬੀਤੀ 23 ਅਕਤੂਬਰ ਨੂੰ ਮੁਅੱਤਲ ਮਹਿਲਾ ਪੁਲੀਸ ਇੰਸਪੈਕਟਰ ਤੇ ਹੋਰਾਂ ਖ਼ਿਲਾਫ਼ ਦਰਜ ਨਸ਼ਾ ਤਸਕਰੀ ਅਤੇ ਭ੍ਰਿਸ਼ਟਾਚਾਰ ਐਕਟ ਤਹਿਤ ਦਰਜ ਕੇਸ ਦੇ ਜਾਂਚ ਅਧਿਕਾਰੀ ਡੀਐੱਸਪੀ ਧਰਮਕੋਟ ਰਮਨਦੀਪ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਮੁਅੱਤਲ ਮਹਿਲਾ ਪੁਲੀਸ ਇੰਸਪੈਕਟਰ ਦੇ ਸਥਾਨਕ ਲਾਲ ਸਿੰਘ ਰੋਡ ਸਥਿਤ ਸਹੁਰੇ ਘਰ ਦੀ ਸਰਕਾਰੀ ਅਤੇ ਪ੍ਰਾਈਵੇਟ ਗਵਾਹਾਂ ਦੀ ਹਾਜ਼ਰੀ ਵਿੱਚ ਲੰਘੀ ਦੇਰ ਸ਼ਾਮ ਨੂੰ ਤਲਾਸ਼ੀ ਲਈ ਗਈ ਸੀ। ਇਸ ਤਲਾਸ਼ੀ ਦੌਰਾਨ ਪੁਲੀਸ ਨੇ ਵੀਡੀਓ ਗ੍ਰਾਫ਼ੀ ਵੀ ਕੀਤੀ ਅਤੇ ਇਸ ਤਲਾਸ਼ੀ ਦੌਰਾਨ ਨਸ਼ੇ ਦੇ ਰੂਪ ਵਿਚ ਵਰਤੋਂ ਯੋਗ 139 ਗੋਲੀਆਂ ਮਿਲੀਆਂ ਸਨ ਇਨ੍ਹਾਂ ਵਿਚੋਂ ਕੁਝ ਗੋਲੀਆਂ ਖੁੱਲੀਆਂ ਤੇ ਟੁੱਟੀਆਂ-ਫੁੱਟੀਆਂ ਵੀ ਹਨ। ਇਹ ਗੋਲੀਆਂ ਦੀ ਬਰਾਮਦਗੀ ਦਾ ਸਥਾਨਕ ਥਾਣਾ ਸਿਟੀ ਦੱਖਣੀ ਵਿਚ ਨਸ਼ਾ ਤਸਕਰੀ ਦੋਸ਼ ਹੇਠ ਮੁਅੱਤਲ ਮਹਿਲਾ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਖ਼ਿਲਾਫ਼ ਹੋਰ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ ਜਾਂਚ ’ਚ ਸ਼ਾਮਲ ਅਧਿਕਾਰੀ ਅਤੇ ਜਾਂਚ ਅਧਿਕਾਰੀ ਇਸ ਮਾਮਲੇ ਵਿੱਚ ਕੁਝ ਵੀ ਦੱਸਣ ਲਈ ਤਿਆਰ ਨਹੀਂ ਅਤੇ ਸਾਰੀ ਕਾਰਵਾਈ ਗੁਪਤ ਰੱਖੀ ਜਾ ਰਹੀ ਹੈ। ਦੂਜੇ ਪਾਸੇ ਫ਼ਰਾਰ ਮਹਿਲਾ ਪੁਲੀਸ ਇੰਸਪੈਕਟਰ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ । ਪੁਲੀਸ ਸੂਤਰਾਂ ਮੁਤਾਬਕ ਵਿਵਾਦਤ ਮਹਿਲਾ ਇੰਸਪੈਕਟਰ ਖ਼ਿਲਾਫ਼ ਪੁਰਾਣੀਆਂ ਸ਼ਿਕਾਇਤਾਂ ਨੂੰ ਮੁੜ ਖੋਲ ਕੇ ਘੋਖਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਿਵਾਵਤ ਮੁਅੱਤਲ ਮਹਿਲਾ ਪੁਲੀਸ ਇੰਸਪੈਕਟਰ ਤੇ ਦੋ ਹੋਰ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਅਫ਼ੀਮ ਤਸਕਰੀ ਦੇ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਛੱਡਣ ਬਦਲੇ 8 ਲੱਖ ਦਾ ਸੌਦਾ ਕਰਕੇ ਪੰਜ ਲੱਖ ਦੀ ਵੱਢੀ ਲੈਣ ਤੇ 3 ਕਿਲੋ ਅਫ਼ੀਮ ਗਾਇਬ ਕਰਨ ਦਾ ਦੋਸ਼ ਹੈ।