ਮਮਦੋਟ (ਜਸਵੰਤ ਸਿੰਘ ਥਿੰਦ) ਬੀਤੇ ਦਿਨੀਂ ਪਿੰਡ ਚੱਕ ਸ਼ਿਕਾਰਗਾਹ ਵਿੱਚ ਬਿਜਲੀ ਮੁਲਾਜ਼ਮਾਂ ਨਾਲ ਮਾਮੂਲੀ ਹੱਥੋਪਾਈ ਦੌਰਾਨ ਥਾਣਾ ਲੱਖੋ ਕੇ ਬਹਿਰਾਮ ਵਿੱਚ ਪੁਲੀਸ ਵੱਲੋਂ ਕਿਸਾਨ ਆਗੂਆਂ ਖ਼ਿਲਾਫ਼ ਨਾਜਾਇਜ਼ ਧਾਰਾਵਾਂ ਲਗਾ ਕੇ ਇਕ ਤਰਫਾ ਕੇਸ ਦਰਜ ਕਰ ਦਿੱਤਾ ਗਿਆ ਸੀ ਜਿਸ ਦੇ ਚੱਲਦਿਆਂ ਕਿਸਾਨ ਆਗੂਆਂ ਨੇ ਥਾਣਾ ਲੱਖੋ ਕੇ ਬਹਿਰਾਮ ਦੇ ਗੇਟ ਅੱਗੇ ਜ਼ੋਨ ਮਮਦੋਟ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਜਤਾਲਾ ਅਤੇ ਜ਼ੋਨ ਸਕੱਤਰ ਮੰਗਲ ਸਿੰਘ ਸਵਾਈ ਕੇ ਦੀ ਅਗਵਾਈ ਹੇਠ ਧਰਨਾ ਦੇ ਕੇ ਨਾਜਾਇਜ਼ ਪਰਚਾ ਰੱਦ ਕਰਨ ਦੀ ਮੰਗ ਕੀਤੀ ਹੈ। ਪੁਲੀਸ ਵੱਲੋਂ ਕਿਸਾਨ ਆਗੂਆਂ ’ਤੇ ਪਰਚਾ ਰੱਦ ਨਾ ਕਰਨ ਕਾਰਨ ਇਹ ਧਰਨਾ ਬੀਤੀ 30 ਅਪਰੈਲ ਤੋਂ ਲਗਾਤਾਰ ਚੱਲ ਰਿਹਾ ਹੈ। ਇਸ ਸਬੰਧੀ ਪ੍ਰੈੱਸ ਸਕੱਤਰ ਰੰਗਾਂ ਭੁੱਲਰ ਨੇ ਦੱਸਿਆ ਕਿਸਾਨਾਂ ਦੀਆਂ ਮੰਗਾਂ ਮੰਨੇ ਜਾਣ ਤੱਕ ਇਹ ਧਰਨਾ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਦਿਨਾਂ ਤੋਂ ਕਿਸਾਨਾਂ ਵੱਲੋਂ ਥਾਣਾ ਲੱਖੋ ਕੇ ਬਹਿਰਾਮ ਦਾ ਘਿਰਾਓ ਕਰ ਕੇ ਪਰਚਾ ਖਾਰਿਜ ਕਰਨ ਅਤੇ ਲੋਕਲ ਮੰਗਾਂ ਮੰਨਣ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੇ ਪੁਲੀਸ ਨੇ ਕਿਸਾਨਾਂ ਦੀਆਂ ਮੰਗਾਂ ਨਾਂ ਮੰਨੀਆਂ ਤਾਂ ਚਾਰ ਜੂਨ ਨੂੰ ਧਰਨਾ ਫਿਰੋਜ਼ਪੁਰ ਫਾਜ਼ਿਲਕਾ ਸੜਕ ’ਤੇ ਤਬਦੀਲ ਕਰ ਦਿੱਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਪੁਲੀਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ।