ਜਸਵੰਤ ਜੱਸ
ਫ਼ਰੀਦਕੋਟ, 4 ਫ਼ਰਵਰੀ
ਜਲਾਲਾਬਾਦ ਵਿੱਚ ਨਗਰ ਕੌਂਸਲ ਚੋਣਾਂ ਦੀਆਂ ਨਾਮਜ਼ਦਗੀਆਂ ਦੌਰਾਨ ਕਾਂਗਰਸੀ ਅਤੇ ਅਕਾਲੀ ਵਰਕਰਾਂ ਵਿਚਾਲੇ ਹੋਏ ਖੂਨੀ ਟਕਰਾਅ ਵਿੱਚ ਜ਼ਖ਼ਮੀ ਹੋਏ ਕਾਂਗਰਸੀ ਵਰਕਰਾਂ ਨੂੰ ਮਿਲਣ ਲਈ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਂਵਲਾ ਅੱਜ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਪਹੁੰਚੇ।
ਇਸ ਦੌਰਾਨ ਵਿਧਾਇਕ ਰਮਿੰਦਰ ਆਂਵਲਾ ਨੇ ਦੋਸ਼ ਲਾਇਆ ਕਿ ਅਕਾਲੀ ਆਗੂਆਂ ਤੇ ਵਰਕਰਾਂ ਨੇ ਕਥਿਤ ਤੌਰ ’ਤੇ ਜਲਾਲਾਬਾਦ ਵਿੱਚ ਗੁੰਡਾਗਰਦੀ ਕੀਤੀ। ਉਨ੍ਹਾਂ ਕਿਹਾ ਕਿ ਇਹ ਸਾਰੀ ਘਟਨਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸ਼ਹਿ ’ਤੇ ਵਾਪਰੀ ਹੈ। ਉਨ੍ਹਾਂ ਮੰਗ ਕੀਤੀ ਕਿ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਫੌਜ਼ਦਾਰੀ ਕੇਸ ਦਰਜ ਕੀਤਾ ਜਾਵੇ। ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਅਕਾਲੀ ਦਲ ਚੋਣਾਂ ਵਿੱਚ ਹਮੇਸ਼ਾ ਹਿੰਸਾ ਕਰਵਾਉਂਦਾ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕਾਲੀਆਂ ਕੋਲ ਕੋਈ ਚੋਣ ਮੁੱਦਾ ਨਹੀਂ ਹੈ ਅਤੇ ਉਹ ਹਿੰਸਾ ਕਰਵਾ ਕੇ ਚਰਚਾ ਵਿੱਚ ਰਹਿਣਾ ਚਾਹੁੰਦੇ ਹਨ ਜਿਸ ਦਾ ਪੰਜਾਬ ਦੇ ਲੋਕ ਢੁੱਕਵਾਂ ਜਵਾਬ ਦੇਣਗੇ।