ਪੱਤਰ ਪ੍ਰੇਰਕ
ਮਾਨਸਾ, 14 ਜੁਲਾਈ
ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਦੇ ਕਾਰਜਕਾਰੀ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਅੱਜ ਮਾਨਸਾ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਉਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਨੇ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ, ਜੋ ਜ਼ਮਾਨਤ ’ਤੇ ਬਾਹਰ ਆਏ ਹਨ, ਦੇ ਮਾਮਲੇ ਵਿੱਚ ਪੂਰੇ ਪੰਜਾਬ ਨੂੰ ਗੁਮਰਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਪਾਰਟੀ ਦੀ ਵਿਗੜ ਰਹੀ ਛਵੀ ਨੂੰ ਸੁਧਾਰਨ ਲਈ ਅਜਿਹਾ ਚੋਣ ਸਟੰਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸੱਚਮੁੱਚ ਹੀ ਹਲਕਾ ਵਿਧਾਇਕ ਇਸ ਮਾਮਲੇ ਵਿੱਚ ਦੋਸ਼ੀ ਹਨ ਤਾਂ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕਰਨ ਤੋਂ ਬਾਅਦ ਪਾਰਟੀ ਵਿਚੋਂ ਬਾਹਰ ਦਾ ਰਸਤਾ ਕਿਉਂ ਨਹੀਂ ਦਿਖਾਇਆ। ਇਸ ਮੌਕੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਕਰਮ ਸਿੰਘ ਚੌਹਾਨ ਵੀ ਮੌਜੂਦ ਸਨ। ਕਾਂਗਰਸੀ ਆਗੂ ਨੇ ਕਿਹਾ ਕਿ ਜੋ ਸਬੂਤ ਸਰਕਾਰ ਪਾਸ ਡਾ. ਸਿੰਗਲਾ ਦੇ ਖਿਲਾਫ਼ ਹਨ, ਉਨ੍ਹਾਂ ਨੂੰ ਜਨਤਕ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਮਾਨਸਾ ਹਲਕੇ ਦੇ ਇੱਕ ਲੱਖ ਲੋਕਾਂ ਦੀਆਂ ਭਾਵਨਾ ਨਾਲ ਖਿਲਵਾੜ ਕੀਤਾ ਹੈ। ਐਡਵੋਕੇਟ ਵਿੱਕੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਯੂ-ਟਰਨ ਸਰਕਾਰ ਆਖਦਿਆਂ ਮਜ਼ਾਕ ਉਡਾਇਆ ਕਿ ਸਰਕਾਰ ਦੇ ਰਾਤ ਨੂੰ ਲਏ ਹੋਏ ਫੈਸਲੇ ਸਵੇਰ ਤੱਕ ਵਾਪਸ ਹੋ ਜਾਂਦੇ ਹਨ, ਉਹ ਭਾਵੇਂ ਜੁਗਾੜੂ ਰੇਹੜੀ ਦਾ ਹੋਵੇ, ਚਾਹੇ ਮੱਤੇਵਾੜਾ ਜੰਗਲ ਸਬੰਧੀ ਹੋਵੇ। ਕਾਰਜਕਾਰੀ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਕਰਮ ਸਿੰਘ ਚੌਹਾਨ ਨੇ ਪੰਜਾਬ ਦੀ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ’ਤੇ ਵੀ ਚਿੰਤਾ ਪ੍ਰਗਟਾਈ।