ਪੱਤਰ ਪ੍ਰੇਰਕ
ਜੈਤੋ, 3 ਸਤੰਬਰ
ਫ਼ਰੀਡਮ ਫਾਈਟਰ ਡੀਪੈਂਡੈਂਟਸ ਐਸੋਸੀਏਸ਼ਨ ਵੱਲੋਂ ਰਾਮ ਰਾਜ ਸੇਵਕ ਨੂੰ ਜਥੇਬੰਦੀ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਸਰਪ੍ਰਸਤ ਥਾਪਿਆ ਗਿਆ ਹੈ। ਰਾਮ ਰਾਜ ਸੇਵਕ ਨੇ ਆਪਣੀ ਇਸ ਨਿਯੁਕਤੀ ਦਾ ਦਾਅਵਾ ਪੇਸ਼ ਕਰਦਿਆਂ ਜਥੇਬੰਦੀ ਦੇੇ ਸੂਬਾ ਪ੍ਰਧਾਨ ਸੁਰੇਸ਼ ਅਰੋੜਾ ਦਾ ਹਾਰਦਿਕ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਸੰਸਥਾ ਦੀ ਬਿਹਤਰੀ ਲਈ ਉਹ ਤਨ, ਮਨ ਤੇ ਧਨ ਨਾਲ ਸੇਵਾ ਕਰਨ ਲਈ ਦਿਨ ਰਾਤ ਤਤਪਰ ਰਹਿਣਗੇ। ਸ੍ਰੀ ਸੇਵਕ ਨੇ ਕਿਹਾ ਕਿ ਜ਼ਿਲ੍ਹੇ ਦੇ ਮੀਤ ਪ੍ਰਧਾਨ ਤੋਂ ਪਦ ਉਨਤ ਕਰਕੇ ਉਨ੍ਹਾਂ ਨੂੰ ਇਹ ਅਹੁਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੁਤੰਤਰਤਾ ਸੰਗਰਾਮੀਆਂ ਅਤੇ ਉਨ੍ਹਾਂ ਦੇ ਵਾਰਸਾਂ ਲਈ ਸਰਕਾਰਾਂ ਅਤੇ ਪ੍ਰਸ਼ਾਸਨ ਕੋਲੋਂ ਹੱਕ ਲੈ ਕੇ ਦੇਣੇ, ਉਨ੍ਹਾਂ ਦੀ ਤਰਜੀਹ ਹੋਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਵਾਰਸਾਂ ਦੀ ਅਕਸਰ ਹੀ ਪ੍ਰਸ਼ਾਸਨ ਵੱਲੋਂ ਅਣਦੇਖੀ ਕੀਤੀ ਜਾਂਦੀ ਹੈ, ਜਿਸ ਦੀ ਉਹ ਨਿੰਦਾ ਕਰਦੇ ਹੋਏ ਰਵੱਈਏ ’ਚ ਸੁਧਾਰ ਦੀ ਮੰਗ ਕਰਦੇ ਹਨ। ਇਸ ਦੌਰਾਨ ਸਮਾਜ ਦੀਆਂ ਪ੍ਰਤੀਨਿਧ ਕਈ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਵੱਲੋਂ ਰਾਮ ਰਾਜ ਸੇਵਕ ਦੀ ਤਾਜ਼ਾ ਨਿਯੁਕਤੀ ’ਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।