ਪੱਤਰ ਪ੍ਰੇਰਕ
ਨਥਾਣਾ, 10 ਨਵੰਬਰ
ਖੇਤੀਬਾੜੀ ਅਤੇ ਫੂਡ ਤਕਨਾਲੋਜੀ ਵਿਸ਼ੇ ਦੇ ਕੌਮਾਂਤਰੀ ਖੋਜ ਵਿਗਿਆਨੀ ਐੱਨਆਰਆਈ ਡਾ. ਜੀਵਨ ਸਿੰਘ ਸਿੱਧੂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਹੋਣਹਾਰ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਲਈ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਪੰਜਵੀ, ਅੱਠਵੀ, ਦਸਵੀ ਅਤੇ ਬਾਰ੍ਹਵੀਂ ਕਲਾਸ ਦੇ ਪਹਿਲਾ ਸਥਾਨ ਹਾਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਅਤੇ ਐਵਾਰਡ ਦੇ ਕੇ ਸਨਮਾਨਤ ਕੀਤਾ ਗਿਆ। ਅਮਨਦੀਪ ਕੌਰ ਨੂੰ ਨੰਬਰਦਾਰ ਸਾਧੂ ਸਿੰਘ ਐਵਾਰਡ, ਸਿਮਰਜੋਤ ਕੌਰ ਨੂੰ ਗਣੇਸ਼ੀ ਲਾਲ ਐਵਾਰਡ, ਗਗਨਦੀਪ ਸਿੰਘ ਧਰਮਪਾਲ ਦੇਵਗਨ ਐਵਾਰਡ, ਦੀਕਸ਼ਾ ਨੂੰ ਸਰਦਾਰ ਠਾਕਰ ਸਿੰਘ ਗਿੱਲ ਐਵਾਰਡ, ਨਵਪ੍ਰੀਤ ਕੌਰ ਅਤੇ ਜਸ਼ਨਪ੍ਰੀਤ ਕੋਰ ਨੂੰ ਸਰਦਾਰਨੀ ਜੰਗੀਰ ਕੋਰ ਐਵਾਰਡ ਦੇ ਕੇ ਸਨਮਾਨਤ ਕੀਤਾ ਗਿਆ। ਇਸੇ ਸਕੂਲ ਦੇ ਵਿਦਿਆਰਥੀ ਰਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਜੂਦਾ ਡਾਇਰੈਕਟਰ ਪ੍ਰਸਾਰ ਸਿੱਖਿਆ ਡਾ. ਮੱਖਣ ਸਿੰਘ ਨੇ ਸਕੂਲ ਦੀ ਭਲਾਈ ਕੰਮਾਂ ਵਾਸਤੇ ਪੰਜਾਹ ਹਜ਼ਾਰ ਰੁਪਏ ਦੀ ਨਗਦ ਸਹਾਇਤਾ ਦਿੱਤੀ। ਇੰਚਾਰਜ ਪ੍ਰਿੰਸੀਪਲ ਲਖਵਿੰਦਰ ਕੌਰ ਨੇ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।