ਨਿੱਜੀ ਪੱਤਰ ਪ੍ਰੇਰਕ
ਮਲੋਟ, 10 ਅਗਸਤ
ਮਾੜੇ ਵਿੱਤੀ ਹਾਲਾਤ ਨਾਲ ਜੂਝ ਚੁੱਕੇ ਮਲੋਟ ਦੇ ‘ਮਿਮਟ’ ਕਾਲਜ ਦੀ ਬਾਂਹ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਫੜੀ ਹੈ। ਇਸ ਕਰ ਕੇ ਇਕ ਵਾਰ ਮੁੜ ਇਹ ਅਦਾਰਾ ਲੀਹ ’ਤੇ ਚੜ੍ਹ ਗਿਆ ਹੈ। ਡਾ. ਬਲਜੀਤ ਕੌਰ ਨੇ ਉੱਦਮ ਕਰ ਕੇ ਕਾਲਜ ਲਈ ਪੰਜਾਬ ਸਰਕਾਰ ਤੋਂ ਵਿੱਤੀ ਸਾਲ 2022-23 ਲਈ ਕਰੀਬ 10 ਕਰੋੜ ਦੀ ਗ੍ਰਾਂਟ ਜਾਰੀ ਕਰਵਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਸਕਰਨ ਸਿੰਘ ਭੁੱਲਰ ਨੇ ਕਿਹਾ ਕਿ ਹੁਣ ਇੱਕ ਵਾਰ ਫਿਰ ਮੰਤਰੀ ਬਲਜੀਤ ਕੌਰ ਵੱਲੋਂ ਕੀਤੇ ਯਤਨਾਂ ਸਦਕਾ ਕਾਲਜ ਨੂੰ ਵਿੱਤੀ ਸਾਲ 2022-23 ਦੀ ਆਈ ਗ੍ਰਾਂਟ ’ਚੋਂ ਬਕਾਇਆ ਪਈ ਰਕਮ ਨੂੰ, ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ ਵਿੱਤੀ ਸਾਲ 2023-24 ਦੌਰਾਨ ਖ਼ਰਚਣ ਲਈ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਵੀ ਵਧਾਈ ਦਿੰਦਿਆਂ ਕਿਹਾ ਹੈ ਕਿ ਮਲੋਟ ਦੇ ਬੱਚਿਆਂ ਦੇ ਸੁਨਿਹਰੀ ਭਵਿੱਖ ਲਈ ਵਿੱਦਿਅਕ ਸੰਸਥਾਵਾਂ ਨੂੰ ਹਰ ਪੱਖੋਂ ਅੱਗੇ ਲਿਜਾਇਆ ਜਾਏਗਾ। ਇਸ ਮੌਕੇ ਉਨ੍ਹਾਂ ਆਪਣੇ ਅਤੇ ਕਾਲਜ ਸਟਾਫ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਕੈਬਨਿਟ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।