ਪੱਤਰ ਪ੍ਰੇਰਕ
ਮਾਨਸਾ, 18 ਜੁਲਾਈ
ਨਸ਼ਾ ਵਿਰੋਧੀ ਮੁਹਿੰਮ ਦੇ ਆਗੂ ਪਰਵਿੰਦਰ ਸਿੰਘ ਝੋਟਾ ਖ਼ਿਲਾਫ਼ ਕੀਤੇ ਜਾ ਰਹੇ ਕੂੜ ਪ੍ਰਚਾਰ ਦੇ ਰੋਸ ਵਜੋਂ ਧਰਨਾਕਾਰੀਆਂ ਨੇ ਥਾਣਾ ਸਿਟੀ-2 ਦੇ ਸਾਹਮਣੇ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਦੀ ਅਰਥੀ ਫੂਕੀ। ਬੁਲਾਰਿਆਂ ਨੇ ਪੁਲੀਸ ’ਤੇ ਪਰਵਿੰਦਰ ਸਿੰਘ ਝੋਟਾ ਨੂੰ ਬਦਨਾਮ ਕਰਨ ਦੇ ਦੋਸ਼ ਲਾਏ। ਥਾਣਾ ਸਿਟੀ-1 ਸਾਹਮਣੇ ਬਾਲ ਭਵਨ ਵਿੱਚ ਲੱਗੇ ਪੱਕੇ ਮੋਰਚੇ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਕਿਹਾ ਕਿ ਪੁਲੀਸ ਪਰਵਿੰਦਰ ਝੋਟਾ ਦਾ ਡੋਪ ਟੈਸਟ ਪਾਜ਼ੇਟਿਵ ਹੋਣ ਅਤੇ ਬੀਤੇ ਸਮੇਂ ’ਚ ਉਸ ਵਲੋਂ ਮੈਡੀਕਲ ਸਟੋਰ ਸੰਚਾਲਕਾਂ ਤੋਂ ਪੈਸੇ ਵਸੂਲਣ ਦਾ ਕੂੜ ਪ੍ਰਚਾਰ ਕਰਨ ਲਈ ਸੋਸ਼ਲ ਮੀਡੀਆ ’ਤੇ ਕੁਝ ਪੋਸਟਾਂ ਵਾਇਰਲ ਕਰ ਰਹੀ ਹੈ, ਜਦੋਂ ਕਿ ਪਰਵਿੰਦਰ ਖੁਦ ਇਹ ਗੱਲ ਅਕਸਰ ਖੁੱਲ੍ਹੇਆਮ ਬੋਲਦਾ ਰਿਹਾ ਹੈ ਕਿ ਉਹ ਇਸ ਸਾਲ ਮਾਰਚ-ਅਪਰੈਲ ਤੱਕ ਨਸ਼ਿਆਂ ਦਾ ਸ਼ਿਕਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਡੋਪ ਟੈਸਟ ਕਰਵਾਉਣਾ ਹੈ ਤਾਂ ਉਹ ਨਿਰਪੱਖ ਤੌਰ ’ਤੇ ਤਿੰਨ ਡਾਕਟਰਾਂ ਦੇ ਪੈਨਲ ਤੋਂ ਕਰਵਾਉਣ ਨਾਲ ਹੀ ਸੱਚ ਸਾਹਮਣੇ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਬਦਲਾਅ ਦੇ ਨਾਅਰੇ ਨਾਲ ਸੱਤਾ ’ਚ ਆਈ ਇਸ ਸਰਕਾਰ ਬਾਰੇ ਨੂੰ ਇਤਿਹਾਸਕ ਜਿੱਤ ਦਿਵਾਉਣ ਵਾਲੀ ਜਨਤਾ ਨੇ ਸ਼ਾਇਦ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਕੋਈ ਸਰਕਾਰ ਐਨਾ ਹੇਠ ਵੀ ਡਿੱਗ ਸਕਦੀ ਹੈ। ਇਹ ਐਲਾਨ ਕੀਤਾ ਗਿਆ ਕਿ ਇਨ੍ਹਾਂ ਸਾਜ਼ਿਸ਼ਾਂ ਦਾ ਜਵਾਬ 21 ਜੁਲਾਈ ਦੀ ਰੈਲੀ ਰਾਹੀਂ ਦਿੱਤਾ ਜਾਵੇਗਾ। ਇਸ ਮੌਕੇ ਰਾਜਵਿੰਦਰ ਸਿੰਘ ਰਾਣਾ, ਗੁਰਸੇਵਕ ਸਿੰਘ ਜਵਾਹਰਕੇ, ਜਸਬੀਰ ਕੌਰ ਨੱਤ, ਘਣਸ਼ਾਮ ਨਿੱਕੂ, ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ, ਭੁਪਿੰਦਰ ਬੀਰਵਾਲ, ਬਲਵਿੰਦਰ ਸਿੰਘ, ਨਛੱਤਰ ਸਿੰਘ ਖੀਵਾ, ਗੁਰਮੇਲ ਸਿੰਘ ਅਸਪਾਲ, ਸੁਰਿੰਦਰਪਾਲ ਸ਼ਰਮਾ, ਜਸਵੰਤ ਸਿੰਘ ਤੇ ਮੱਖਣ ਸਿੰਘ ਜੋਗਾ ਨੇ ਵੀ ਸੰਬੋਧਨ ਕੀਤਾ।
ਅਕਾਲੀ ਦਲ (ਅ) ਵੱਲੋਂ ਡੀਸੀ ਨੂੰ ਮੰਗ ਪੱਤਰ
ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵੱਲੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਗਈ ਕਿ ਉਸ ਖਿਲਾਫ਼ ਦਰਜ ਕੀਤੇ ਪਰਚਿਆਂ ਦੀ ਨਿਰਪੱਖਤਾ ਨਾਲ ਜਾਂਚ ਕਰਵਾਈ ਜਾਵੇ। ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭਾਈ ਗੁਰਸੇਵਕ ਸਿੰਘ ਜਵਾਹਰਕੇ ਦੀ ਅਗਵਾਈ ਹੇਠ ਪਾਰਟੀ ਦੇ ਇੱਕ ਵਫ਼ਦ ਵੱਲੋਂ ਸੌਂਪਿਆ ਗਿਆ।
ਪਰਵਿੰਦਰ ਝੋਟਾ ਦੀ ਰਿਹਾਈ ਲਈ ਪਿੰਡਾਂ ’ਚ ਲਾਮਬੰਦੀ
ਸੀਪੀਆਈ (ਐਮ.ਐਲ) ਲਬਿਰੇਸ਼ਨ ਵੱਲੋਂ ‘ਨਸ਼ਾ ਨਹੀਂ, ਰੁਜ਼ਗਾਰ ਦਿਓ’ ਮੁਹਿੰਮ ਤਹਿਤ ਨੌਜਵਾਨ ਪਰਵਿੰਦਰ ਸਿੰਘ ਝੋਟਾ ’ਤੇ ਪਾਏ ਗਏ ਪਰਚਿਆਂ ਨੂੰ ਰੱਦ ਕਰਵਾਉਣ ਅਤੇ ਬਿਨਾਂ ਸ਼ਰਤ ਰਿਹਾਈ ਨੂੰ ਲੈ ਕੇ ਪਿੰਡ ਕੋਟਲੱਲੂ, ਬੱਪੀਆਣਾ, ਫੇਫੜੇ ਭਾਈਕੇ, ਕੁਲੈਹਰੀ, ਨਰਿੰਦਰਪੁਰਾ ਤੇ ਬਰਨਾਲਾ ਵਿੱਚ ਲਾਮਬੰਦੀ ਰੈਲੀਆਂ ਕੀਤੀਆਂ ਗਈਆਂ। ਇਨ੍ਹਾਂ ਰੈਲੀਆਂ ਨੂੰ ਕਾਮਰੇਡ ਗੁਰਸੇਵਕ ਮਾਨਬੀਬੜੀਆਂ, ਕਾਮਰੇਡ ਬਲਵਿੰਦਰ ਘਰਾਗਣਾਂ ਨੇ ਸੰਬੋਧਨ ਕੀਤਾ।