ਪੱਤਰ ਪ੍ਰੇਰਕ
ਅਬੋਹਰ, 10 ਜੁਲਾਈ
ਥਾਣਾ ਸਿਟੀ 2 ਅਬੋਹਰ ਦੀ ਪੁਲੀਸ ਨੇ ਘਰੇਲੂ ਝਗੜੇ ਕਾਰਨ ਆਪਣੇ ਹੀ ਭਰਾ ਦਾ ਕਤਲ ਕਰਨ ਵਾਲੇ ਮੁਲਜ਼ਮ ਭਰਾ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ, ਜਿਸ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲੀਸ ਰਿਮਾਂਡ ’ਤੇ ਲਿਆ ਜਾਵੇਗਾ। ਜ਼ਿਲ੍ਹੇ ਦੀ ਐਸਐਸਪੀ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਪੰਕਜ ਪਾਲ ਦੀ ਪਤਨੀ ਕੰਵਲਜੀਤ ਕੌਰ ਵਾਸੀ ਮੈਟਰੋ ਕਲੋਨੀ ਨੇ ਦੱਸਿਆ ਕਿ ਉਸ ਦਾ ਪਤੀ ਬਠਿੰਡਾ ਵਿੱਚ ਬਾਗਬਾਨੀ ਵਿਭਾਗ ਵਿੱਚ ਨੌਕਰੀ ਕਰਦਾ ਸੀ ਜਦੋਂਕਿ ਉਸ ਦਾ ਜੇਠ ਸੁਰਿੰਦਰਪਾਲ ਮਲੇਰਕੋਟਲਾ ਵਿੱਚ ਏਅਰਟੈੱਲ ਦੇ ਦਫ਼ਤਰ ਵਿੱਚ ਕੰਮ ਕਰਦਾ ਸੀ। ਕੱਲ੍ਹ ਉਸ ਦੇ ਜੇਠ ਸੁਰਿੰਦਰਪਾਲ ਨੇ ਉਸ ਦੇ ਪਤੀ ਨੂੰ ਝਗੜੇ ਦੌਰਾਨ ਛਾਤੀ ਵਿਚ ਪੇਚਕਸ ਮਾਰ ਕੇ ਜ਼ਖ਼ਮੀ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 103 (1) ਤਹਿਤ ਕੇਸ ਦਰਜ ਕਰ ਲਿਆ ਹੈ।