ਮਹਿੰਦਰ ਸਿੰਘ ਰੱਤੀਆਂ
ਮੋਗਾ, 1 ਅਪਰੈਲ
ਫਿਰੌਤੀ ਲਈ ਅਮੀਰ ਵਿਅਕਤੀਆਂ ਦੇ ਵੇਰਵੇ ਵਿਦੇਸ਼ਾਂ ’ਚ ਭੇਜਣ ਦੇ ਦੋਸ਼ ਹੇਠ ਪੁਲੀਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਸੁੱਖਾ ਲੰਮਾ ਗੁਰੱਪ ਦਾ ਕਾਰਕੁਨ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ, ਐੱਸਪੀ (ਆਈ) ਜਗਤਪ੍ਰੀਤ ਸਿੰਘ, ਡੀਐੱਸਪੀ (ਆਈ) ਜੰਗਜੀਤ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ਼ ਨੇ ਗੁਪਤ ਇਤਲਾਹ ’ਤੇ ਸੁਖਮੰਦਰ ਸਿੰਘ ਉਰਫ਼ ਹਰਮਨ ਨੂੰ ਇੱਕ ਦੇਸੀ ਰਿਵਾਲਵਰ ਤੇ ਇੱਕ ਕਾਰਤੂਸ ਸਣੇ ਗ੍ਰਿਫ਼ਤਾਰ ਕੀਤਾ ਹੈ। ਉਸ ਦਾ ਪਿਤਾ ਇੱਥੇ ਨਗਰ ਨਿਗਮ ਵਿੱਚ ਦਰਜਾ ਚਾਰ ਕਾਮਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਖੁਲਾਸਾ ਕੀਤਾ ਹੈ ਕਿ ‘ਜੇਲ੍ਹਾਂ ਵਿੱਚ ਬੰਦ ਖ਼ਤਰਨਾਕ ਗੈਂਗਸਟਰ’ ਇਹ ਨੈੱਟਵਰਕ ਚਲਾ ਰਹੇ ਹਨ।
ਪੁਲੀਸ ਮੁਤਾਬਕ ਮੁਲਜ਼ਮ ਸੁਖਮੰਦਰ ਦਾ ਸਬੰਧ ਸੁੱਖਾ ਲੰਮਾ ਗੈਂਗ ਦੇ ਗੈਂਗਸਟਰ ਚਰਨਜੀਤ ਸਿੰਘ ਉਰਫ਼ ਰਿੰਕੂ ਬੀਹਲਾ ਜ਼ਿਲ੍ਹਾ ਬਰਨਾਲਾ, ਅਰਸ਼ਦੀਪ ਸਿੰਘ ਉਰਫ਼ ਅਰਸ਼ ਵਾਸੀ ਡਾਲਾ ਅਤੇ ਰਮਨਦੀਪ ਸਿੰਘ ਉਰਫ਼ ਰਮਨ ਜੱਜ ਵਾਸੀ ਫਿਰੋਜ਼ਪੁਰ ਨਾਲ ਹੈ। ਇਨ੍ਹਾਂ ਗੈਂਗਸਟਰਾਂ ਵਿੱਚੋਂ ਬਹੁਤੇ ਵਿਦੇਸ਼ਾਂ ਵਿੱਚ ਹਨ। ਪੁਲੀਸ ਮੁਤਾਬਕ ਮੁਲਜ਼ਮ ਮੋਗਾ-ਫ਼ਰੀਦਕੋਟ ਇਲਾਕੇ ਦੇ ਵੱਡੇ ਕਾਰੋਬਾਰੀਆਂ/ਦੁਕਾਨਦਾਰਾਂ ਦੇ ਵੇਰਵੇ, ਫੋਨ ਨੰਬਰ ਆਦਿ ਗੈਂਗਸਟਰਾਂ ਨੂੰ ਭੇਜਦਾ ਸੀ, ਜੋ ਬਾਅਦ ਵਿੱਚ ਬਾਹਰਲੇ ਫੋਨ ਨੰਬਰਾਂ ਤੋਂ ਧਮਕੀ ਭਰੇ ਫੋਨ ਕਰ ਕੇ ਅਮੀਰ ਵਿਅਕਤੀਆਂ ਤੇ ਹੋਰ ਕਾਰੋਬਾਰੀਆਂ ਤੋਂ ਫਿਰੌਤੀ ਮੰਗਦੇ ਸਨ। ਮੁਲਜ਼ਮ ਖ਼ਿਲਾਫ਼ ਥਾਣਾ ਮਹਿਣਾ ਵਿੱਚ ਕੇਸ ਦਰਜ ਕੀਤਾ ਗਿਆ ਹੈ।