ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 5 ਜੂਨ
ਥਾਣਾ ਬਰੀਵਾਲਾ ਪੁਲੀਸ ਵੱਲੋਂ ਦੋ ਜਣਿਆਂ ਨੂੰ ਇੱਕ ਪਿਸਤੌਲ, ਤਿੰਨ ਕਾਰਤੂਸ, ਮੋਬਾਈਲ ਫੋਨ ਅਤੇ ਮੋਟਰਸਾਈਕਲ ਸਣੇ ਕਾਬੂ ਕੀਤਾ ਗਿਆ ਹੈ।ਥਾਣਾ ਬਰੀਵਾਲਾ ਦੇ ਏਐੱਸਆਈ ਰਣਜੀਤ ਸਿੰਘ ਅਨੁਸਾਰ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਅਮਨਦੀਪ ਸਿੰਘ ਉਰਫ ਅਮਨ ਬਾਬਾ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਮਰਾੜ ਕਲਾਂ ਅਤੇ ਮੇਵਾ ਸਿੰਘ ਉਰਫ ਟੀਟੂ ਪੁੱਤਰ ਵੀਰਾ ਸਿੰਘ ਵਾਸੀ ਬਰੀਵਾਲਾ ਦੋਵੇਂ ਲੋਕਾਂ ਨੂੰ ਡਰਾ ਧਮਕਾ ਨੇ ਫਿਰੌਤੀਆਂ ਮੰਗਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਲੋਕਾਂ ਨੂੰ ਡਰਾਉਣ ਲਈ ਨਾਜਾਇਜ਼ ਅਸਲੇ ਦੀ ਵਰਤੋਂ ਸਣੇ ਵਿਦੇਸ਼ੀ ਮੋਬਾਈਲ ਨੰਬਰਾਂ ਦੀ ਵਰਤੋਂ ਕਰਦੇ ਹਨ। ਮੁਲਜ਼ਮ ਆਧੁਨਿਕ ਤਕਨੀਕ ਦੀ ਵਰਤੋਂ ਕਰ ਕੇ ਲੋਕਾਂ ਨੂੰ ਧਮਕਾਉਂਦੇ ਸਨ। ਉਨ੍ਹਾਂ ਲੋਕਾਂ ਨੂੰ ਫਿਰੌਤੀਆਂ ਮੰਗਣ ਲਈ ਧਮਕੀਆਂ ਦਿੰਦੇ ਹਨ ਤੇ ਇਸ ਕੰਮ ਕਰਨ ਤੋਂ ਬਾਅਦ ਵਿੱਚ ਵਿਦੇਸ਼ੀ ਨੰਬਰ ਵਾਲੀ ਐਪ ਡਿਲੀਟ ਕਰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੇ ਲਾਰੇਂਸ ਬਿਸ਼ਨੋਈ ਗਰੁੱਪ ਦੇ ਮੈਂਬਰ ਸਚਿਨ ਵਾਸੀ ਚੜ੍ਹੇਵਾਨ ਨਾਲ ਸਬੰਧ ਹਨ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਮਰਾੜ ਕਲਾਂ ਲਿੰਕ ਰੋਡ ’ਤੇ ਖੜ੍ਹੇ ਕਿਸੇ ਫਿਰੌਤੀ ਦੇਣ ਵਾਲੇ ਦੀ ਉਡੀਕ ਕਰ ਰਹੇ ਹਨ। ਪੁਲੀਸ ਨੇ ਸਮੇਂ ਸਿਰ ਇਤਲਾਹ ’ਤੇ ਕਾਰਵਾਈ ਕਰਦੇ ਹੋਏ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਇਸ ਦੌਰਾਨ ਪੁਲੀਸ ਨੇ ਉਨ੍ਹਾਂ ਕੋਲੋਂ ਇੱਕ ਪਿਸਤੌਲ, ਤਿੰਨ ਕਾਰਤੂਸ, ਮੋਬਾਈਲ ਫੋਨ ਤੇ ਇੱਕ ਬਿਨਾਂ ਨੰਬਰ ਵਾਲਾ ਮੋਟਰਸਾਈਕਲ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਖਿਲਾਫ਼ ਥਾਣਾ ਬਰੀਵਾਲਾ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।