ਅਜੀਤਪਾਲ ਸਿੰਘ
ਧਨੌਲਾ, 6 ਜੁਲਾਈ
ਸੁਪਨੇ ਪੂਰੇ ਕਰਨ ਲਈ ਪੰਧੇਰ ਤੋਂ ਵਿਦੇਸ਼ ਗਏ ਨੌਜਵਾਨ ਨਿਰਮਲ ਸਿੰਘ ਦੀ ਲਾਸ਼ ਅੱਜ ਪਿੰਡ ਪੁੱਜੀ ਤੇ ਬਾਅਦ ਦੁਪਹਿਰ ਉਸ ਦਾ ਸਸਕਾਰ ਕਰ ਦਿੱਤਾ ਗਿਆ। 27 ਸਾਲਾ ਨੌਜਵਾਨ ਨਿਰਮਲ ਸਿੰਘ ਪੁੱਤਰ ਦੇਵ ਸਿੰਘ ਖੇਤੀ ਵਿੱਚੋਂ ਕੁਝ ਪੱਲੇ ਨਾ ਪੈਣ ਕਾਰਨ ਵਰਕ ਪਰਮਿਟ ਲੈ ਕੇ ਮਲੇਸ਼ੀਆ ਗਿਆ ਸੀ। ਕਰੋਨਾਵਾਇਰਸ ਕਾਰਨ ਹੋਏ ਲੌਕਡਾਊਨ ਦੌਰਾਨ ਨਿਰਮਲ ਦਾ ਵਰਕ ਪਰਮਿਟ ਖ਼ਤਮ ਹੋ ਗਿਆ ਸੀ ਅਤੇ ਉਹ ਲੁਕ ਛਿਪ ਕੇ ਦਿਨ ਕੱਟਣ ਲੱਗਾ। ਜਦੋਂ ਕੋਈ ਰਸਤਾ ਨਜ਼ਰ ਨਾ ਆਇਆ ਤਾਂ ਉਸ ਨੇ ਖ਼ੁਦਕੁਸ਼ੀ ਕਰ ਲਈ। ਸਵੇਰਸਾਰ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨਿਰਮਲ ਦੀ ਲਾਸ਼ ਲੈ ਕੇ ਪਿੰਡ ਪੁੱਜੇ ਤਾਂ ਚਾਰੇ ਪਾਸੇ ਸੋਗ ਦਾ ਆਲਮ ਸੀ। ਨਿਰਮਲ ਦੇ ਛੋਟੇ ਬੱਚਿਆਂ ਦਾ ਵਿਰਲਾਪ ਵੇਖਿਆ ਨਹੀਂ ਸੀ ਜਾ ਰਿਹਾ। ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਆਖਿਆ ਕਿ ਮਾੜੀਆਂ ਸਰਕਾਰਾਂ ਕਾਰਨ ਨੌਜਵਾਨ ਪੰਜਾਬ ਛੱਡ ਰਹੇ ਹਨ ਅਤੇ ਅਣਹੋਣੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਨੌਜਵਾਨੀ ਨੂੰ ਬਚਾਉਣ ਲਈ ਹਰ ਲੜਾਈ ਲੜੇਗੀ।