ਫ਼ਾਜ਼ਿਲਕਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਸਦ ਵਿੱਚ ਕਿਸਾਨਾਂ ਦਾ ਮਜ਼ਾਕ ਉਡਾਉਂਦਿਆਂ ਦਿੱਤੇ ਭਾਸ਼ਨ ਨੂੰ ਆੜੇ ਹੱਥੀਂ ਲੈਂਦਿਆਂ ਸਾਬਕਾ ਵਿਧਾਇਕ ਅਤੇ ਸੀਪੀਆਈ ਦੇ ਸਾਬਕਾ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੋਂ ਅਜਿਹੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ। ਉਨ੍ਹਾਂ ਪ੍ਰਧਾਨ ਮੰਤਰੀ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੜ ਰਹੇ ਕਿਸਾਨਾਂ ਨੂੰ ਅੰਦੋਲਨ ਜੀਵੀ ਕਿਹਾ ਹੈ,ਪ੍ਰੰਤੂ ਭਾਜਪਾ ਦੇ ਆਗੂਆਂ ਵੱਲੋਂ ਦੇਸ਼ ਵਿਚ ਹਿੰਦੂ-ਮੁਸਲਿਮ ਭਾਈਚਾਰੇ ਨੂੰ ਲੜਾ ਕੇ ਧਰਮ ਦੇ ਨਾਂ ’ਤੇ ਰਾਜਨੀਤੀ ਕਰਨਾ, ਭਾਵ ਫ਼ਿਰਕਾਪ੍ਰਸਤੀ, ਬਿਨਾਂ ਕੁਝ ਦਿੱਤੇ ਸਿਰਫ਼ ਭਾਸ਼ਣਬਾਜ਼ੀ ਕਰਨਾ ਅਤੇ ਜੁਮਲੇਬਾਜ਼ੀ ਕਰਨ ਨਾਲੋਂ ਅੰਦੋਲਨ ਜੀਵੀ ਕਿਤੇ ਬਿਹਤਰ ਹੈ,ਕਿਉਂਕਿ ਲੜਨ ਵਾਲੇ ਲੋਕ ਆਪਣੇ ਹੱਕਾਂ ਲਈ ਲੜ ਰਹੇ ਹਨ, ਨਾ ਕਿ ਉਹ ਕਿਸੇ ਲਈ ਸ਼ੋਸ਼ੇਬਾਜ਼ੀ ਕਰ ਰਹੇ ਹਨ। ਉਹ ਅੱਜ ਸੀਪੀਆਈ ਜ਼ਿਲ੍ਹਾ ਫ਼ਾਜ਼ਿਲਕਾ ਦੀ ਜ਼ਿਲ੍ਹਾ ਕੌਂਸਲ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
-ਨਿੱਜੀ ਪੱਤਰ ਪ੍ਰੇਰਕ