ਪੱਤਰ ਪ੍ਰੇਰਕ
ਮਾਨਸਾ, 15 ਸਤੰਬਰ
ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਨੇ ਮਾਨਸਾ ਵਿੱਚ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਦੇ ਐੱਚਓਡੀ ਦੀ ਅਰਥੀ ਸਾੜੀ। ਜਥੇਬੰਦੀ ਨੇ ਦੋਸ਼ ਲਾਇਆ ਕਿ ਵਾਰ-ਵਾਰ ਐੱਚਓਡੀ ਕੋਲ ਮਹਿਕਮੇ ਦੇ ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਤਰਲੇ-ਮਿਨਤਾਂ ਕੀਤੇ ਜਾ ਰਹੇ ਹਨ ਪਰ ਉਨ੍ਹਾਂ ਦਾ ਹਮੇਸ਼ਾ ਨਾਂਹ ਪੱਖੀ ਰੁਖ਼ ਰਹਿਣ ਕਾਰਨ ਜਥੇਬੰਦੀ ਨੂੰ ਅੰਦੋਲਨ ਦਾ ਰਾਹ ਅਖਤਿਆਰ ਕਰਨਾ ਪਿਆ ਹੈ। ਹਰੀ ਸਿੰਘ ਸਹਾਰਨਾ ਨੇ ਮੰਗ ਕੀਤੀ ਕਿ ਪਿਛਲੇ ਲੰਮੇ ਸਮੇਂ ਤੋਂ ਤਰਸ ਦੇ ਆਧਾਰ ’ਤੇ ਉਨ੍ਹਾਂ ਦੇ ਵਾਰਸਾਂ ਨੂੰ ਨੌਕਰੀ ਦਿੱਤੀ ਜਾਵੇ, ਖਾਲੀ ਥਾਵਾਂ ’ਤੇ ਮੰਗ ਕਰ ਰਹੇ ਮੁਲਾਜ਼ਮਾਂ ਦੀਆਂ ਬਦਲੀਆਂ ਕਰਨ ਸਬੰਧੀ ਉਹ ਅਪੀਲਾਂ-ਦਲੀਲਾਂ ਨਾਲ ਐੱਚਓਡੀ ਕੋਲ ਆਪਣੇ ਮਾਮਲੇ ਉਠਾਉਂਦੇ ਆ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਜਥੇਬੰਦੀ ਵੱਲੋਂ ਐੱਚਓਡੀ ਮੁਹਾਲੀ ਦੇ ਖਿਲਾਫ਼ 29 ਸਤੰਬਰ ਨੂੰ ਆਪਣੇ ਮਸਲਿਆਂ ਨੂੰ ਲੈਕੇ ਰੈਲੀ ਕੀਤੀ ਜਾਵੇਗੀ। ਇਸ ਮੌਕੇ ਦਰਸ਼ਨ ਸਿੰਘ ਸੰਧੂ, ਜਨਕ ਸਿੰਘ ਫਤਹਿਪੁਰ, ਅਮਰ ਸਿੰਘ, ਬਲਜੀਤ ਸਿੰਘ ਬਰਨਾਲਾ, ਗੁਰਨੈਬ ਸਿੰਘ, ਰਾਜਵੀਰ ਸਿੰਘ ਭੀਖੀ, ਹਰਬੰਸ ਸਿੰਘ, ਦਰਸ਼ਨ ਸਿੰਘ ਮੰਦਰ, ਹਰਮੇਲ ਸਿੰਘ ਤੇ ਬੇਗਾ ਸਿੰਘ ਨੇ ਵੀ ਸੰਬੋਧਨ ਕੀਤਾ।