ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 12 ਮਾਰਚ
‘ਆਪ’ ਦੀ ਸਰਕਾਰ ਬਣਦਿਆਂ ਹੀ ਅਫ਼ਸਰਾਂ ਨੇ ਆਪੋ-ਆਪਣੇ ਦਫ਼ਤਰਾਂ ਨੂੰ ਚੁਸਤ ਦਰੁਸਤ ਕਰਨ ਲਈ ਹੁਕਮ ਦਾਗਣੇ ਸ਼ੁਰੂ ਕਰ ਦਿੱਤੇ ਹਨ| ਜਾਣਕਾਰੀ ਮੁਤਾਬਕ ਪਾਵਰਕੌਮ ਵੱਲੋਂ ਮੁਕਤਸਰ ਦੇ ਵਧੀਕ ਨਿਗਰਾਨ ਇੰਜਨੀਅਰ ਨੂੰ ਪੱਤਰ ਜਾਰੀ ਕਰ ਕੇ ਮਿੱਥੇ ਸਮੇਂ ਅੰਦਰ ਕੰਮ ਜਾਰੀ ਕਰਨ ਦੀ ਹਦਾਇਤ ਕੀਤੀ ਹੈ| ਇਹ ਪੱਤਰ 26 ਅਪਰੈਲ 2016 ਅਤੇ 26 ਅਕਤੂਬਰ 2018 ਦੇ ਰਹਿੰਦੇ ਕੰਮਾਂ ਸਬੰਧੀ ਹਨ ਜਿਨ੍ਹਾਂ ਵਿੱਚ 132 ਕੇਵੀ ਸਬ ਸਟੇਸ਼ਨ ਦੀ ਸਾਂਭ-ਸੰਭਾਲ ਕਰਨ ਦੀ ਹਦਾਇਤ ਦਿੱਤੀ ਗਈ ਹੈ| ਇਸੇ ਤਰ੍ਹਾਂ ਮੁਕਤਸਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਨੇ ਏਡੀਸੀ, ਡੀਡੀਪੀਓ, ਮੁਕਤਸਰ-ਮਲੋਟ-ਗਿੱਦੜਬਾਹਾ ਦੀਆਂ ਨਗਰ ਕੌਂਸਲਾਂ, ਡੀਆਰਓ, ਕਿਰਤ ਇੰਸਪੈਕਟਰ ਤੇ ਹੋਰ ਦਰਜਨ ਭਰ ਅਧਿਕਾਰੀਆਂ ਨੂੰ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਨਾਲ ਮਜ਼ਦੂਰਾਂ ਦੀਆਂ ਮੰਗਾਂ ਤੇ ਮਸਲਿਆਂ ਸਬੰਧੀ 14 ਮਾਰਚ ਨੂੰ ਡੀਸੀ ਦਫ਼ਤਰ ਵਿੱਚ ਮੀਟਿੰਗ ਕਰਨ ਦੀ ਹਦਾਇਤ ਕੀਤੀ ਹੈ| ਜ਼ਿਕਰਯੋਗ ਹੈ ਕਿ ਇਸ ਮੀਟਿੰਗ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਤਰਸੇਮ ਸਿੰਘ ਖੁੰਡੇ ਹਲਾਲ, ਦਿਹਾਤੀ ਮਜ਼ਦੂਰ ਯੂਨੀਅਨ ਦੇ ਹਰਪਾਲ ਸਿੰਘ ਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਲਖਵੰਤ ਕਿਰਤੀ ਨੂੰ ਵਿਸ਼ੇਸ਼ ਤੌਰ ’ਤੇ ਸੱਦਿਆ ਗਿਆ ਹੈ| ਇਸੇ ਤਰ੍ਹਾਂ ਸਿੱਖਿਆ ਵਿਭਾਗ ਵੱਲੋਂ ਵੀ ਸਕੂਲੀ ਅਧਿਆਪਕਾਂ ਦੀ ਹਾਜ਼ਰੀ ਲਈ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਸ ਤੋਂ ਆਮ ਲੋਕ ਸਪੱਸ਼ਟ ਤੌਰ ’ਤੇ ਖੁਸ਼ ਦਿਖਾਈ ਦੇ ਰਹੇ ਹਨ ਤੇ ਇਸ ਰੁਝਾਨ ਨੂੰ ਸ਼ੁਭ ਸੰਕੇਤ ਮੰਨ ਰਹੇ ਹਨ।