ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 31 ਜੁਲਾਈ
ਕਰੀਬ ਸਾਢੇ ਤਿੰਨ ਸਾਲ ਬਾਅਦ ਹੋਂਦ ਵਿੱਚ ਆਉਂਦਿਆਂ ਹੀ ਮਾਰਕੀਟ ਕਮੇਟੀ ਬਰੀਵਾਲਾ ‘ਚ ਕਾਂਗਰਸ ਪਾਰਟੀ ਦੀ ਫੁੱਟ ਜੱਗ ਜ਼ਾਹਿਰ ਹੋ ਗਈ ਹੈ। ਸਾਬਕਾ ਮੁੱਖ ਮੰਤਰੀ ਸਵਰਗੀ ਹਰਚਰਨ ਸਿੰਘ ਬਰਾੜ ਤੇ ਸਾਬਕਾ ਵਿਧਾਇਕਾ ਕਰਨ ਕੌਰ ਬਰਾੜ ਦਾ ਜੱਦੀ ਪਿੰਡ ਸਰਾਏਨਾਗਾ ਵੀ ਮੰਡੀ ਬਰੀਵਾਲਾ ਖੇਤਰ ਵਿੱਚ ਪੈਂਦਾ ਹੈ ਪਰ ਇਸ ਦਾ ਨਵ-ਨਿਯੁਕਤ ਚੇਅਰਮੈਨ ਸੂਬਾ ਸਿੰਘ ਭੁੱਟੀਵਾਲਾ ਗਿੱਦੜਬਾਹਾ ਦੇ ਵਿਧਾਇਕ ਰਾਜਾ ਵੜਿੰਗ ਪੱਖੀ ਹੈ।
ਸੂਬਾ ਸਿੰਘ ਭੁੱਟੀਵਾਲਾ ਨੇ ਦੱਸਿਆ ਕਿ ਉਨ੍ਹਾਂ ਕਾਗਜ਼ੀ ਤੌਰ ‘ਤੇ ਅਹੁਦਾ ਸੰਭਾਲ ਲਿਆ ਹੈ ਪਰ ਤਾਜਪੋਸ਼ੀ ਸਮਾਗਮ ਉਹ ਰਾਜਾ ਵੜਿੰਗ ਦੀ ਹਾਜ਼ਰੀ ‘ਚ ਕਰਨਗੇ। ਇਸ ਦੌਰਾਨ ਅੱਜ ਕਰਨ ਕੌਰ ਬਰਾੜ ਆਪਣੇ ਹਮਾਇਤੀ ਉਪ ਚੇਅਰਪਰਸਨ ਬਲਜੀਤ ਕੌਰ ਤਖਤ ਮਲਾਣਾ ਅਤੇ 11 ਮੈਂਬਰਾਂ ਦੇ ਅਹੁਦਾ ਸੰਭਾਲਣ ਮੌਕੇ ਹਾਜ਼ਰ ਸੀ। ਉਨ੍ਹਾਂ ਕਿਹਾ ਕਿ ਉਹ ਪੇਂਡੂ ਸੜਕਾਂ, ਮੰਡੀਆਂ ਤੇ ਫਸਲਾਂ ਸਬੰਧੀ ਸਮੱਸਿਆਵਾਂ ਦਾ ਜਲਦੀ ਹੀ ਪੁਖਤਾ ਹੱਲ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਹਲਕੇ ਵਿੱਚ ਬਾਹਰੀ ਲੀਡਰਾਂ ਵੱਲੋਂ ਦਖਲ ਅੰਦਾਜ਼ੀ ਕਰਨ ਦਾ ਮਾਮਲਾ ਉਹ ਹਾਈ ਕਮਾਂਡ ਦੇ ਧਿਆਨ ਵਿੱਚ ਵੀ ਲਿਆਉਣਗੇ।
ਅੱਜ ਮਾਰਕੀਟ ਕਮੇਟੀ ਬਰੀਵਾਲਾ ਦੇ ਮੈਂਬਰ ਵਜੋਂ ਸ਼ਿੰਦਰਪਾਲ ਸ਼ਰਮਾ ਡੋਡਾਂਵਾਲੀ, ਗੁਰਲਾਲ ਸਿੰਘ ਜੰਡੋਕੇ, ਦਲੇਰ ਸਿੰਘ ਲਬਾਨਿਆਂਵਾਲੀ, ਸ਼ਿਵਰਾਜ ਸਿੰਘ ਮੜ੍ਹਮੱਲੂ, ਪਲਵਿੰਦਰਜੀਤ ਸਿੰਘ ਕੋਟਲੀ ਸੰਘਰ, ਹਰਵੰਤ ਸਿੰਘ ਮਾਨ ਸਿੰਘ ਵਾਲਾ, ਪਰਮਜੀਤ ਕੌਰ ਖੋਖਰ, ਪ੍ਰਸ਼ੋਤਮ ਲਾਲ ਬਰੀਵਾਲਾ, ਮੋਹਨ ਲਾਲ ਬਰੀਵਾਲਾ, ਪੱਪੂ ਰਾਮ ਬਰੀਵਾਲਾ ਅਤੇ ਬਲਵੀਰ ਸਿੰਘ ਖੋਖਰ ਨੇ ਵੀ ਅਹੁਦਾ ਸੰਭਾਲ ਲਿਆ ਹੈ ਪਰ ਇਸ ਮੌਕੇ ਮੈਂਬਰ ਲਖਵੀਰ ਸਿੰਘ ਵੱਟੂ, ਗੁਰਜੰਟ ਸਿੰਘ ਮਰਾੜ੍ਹ, ਹਰਜੀਤ ਰਾਣੀ ਆਸਾ ਬੁੱਟਰ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਹਾਜ਼ਰ ਨਹੀਂ ਸਨ। ਹਲਕੇ ‘ਚ ਇਸ ਫੁੱਟ ਨੂੰ ਸਿਆਸੀ ਪੱਖੋਂ ਕਾਂਗਰਸ ਲਈ ਘਾਟੇਵੰਦਾ ਸੌਦਾ ਕਰਾਰ ਦਿੱਤਾ ਜਾ ਰਿਹਾ ਹੈ।