ਮੋਗਾ: ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੇ ਕੰਮਕਾਜ ਠੱਪ ਕਰਕੇ ਦਫਤਰ ਸਿਵਲ ਸਰਜਨ ਅੱਗੇ ਦੋ ਘੰਟੇ ਦਾ ਰੋਸ ਪ੍ਰਦਰਸ਼ਨ ਕਰਕੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕਰਦੇ ਹੋਏ ਮੇਨ ਚੌਕ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਲਾਰਿਆਂ ਦਾ ਘੜਾ ਭੰਨ੍ਹਿਆ। ਜਥੇਬੰਦੀ ਜ਼ਿਲ੍ਹਾ ਪ੍ਰਧਾਨ ਮਨਦੀਪ ਕੌਰ ਡਰੋਲੀ, ਕਿਰਨਦੀਪ ਕੌਰ ਢੁੱਡੀਕੇ, ਵਿਸ਼ਾਲ ਪੱਤੋ ਹੀਰਾ ਸਿੰਘ ਨੇ ਕੀਰਨੇ ਪਾਉਂਦੇ ਸਰਕਾਰ ’ਤੇ ਆਰਥਿਕ ਸੋਸ਼ਣ ਦਾ ਦੋਸ਼ ਲਗਾਉਦਿਆਂ ਕਿਹਾ ਕਿ ਉਹ ਰੈਗੂਲਰ ਮੁਲਾਜ਼ਮਾਂ ਵਾਂਗ ਲੋਕਾਂ ਦੀ ਸੇਵਾ ਕਰ ਰਹੀਆਂ ਹਾਂ ਪਰ ਫਿਰ ਵੀ ਉਹ ਆਪਣੇ ਪਰਿਵਾਰ ਨੂੰ ਪੇਟ ਭਰ ਖਾਣਾ ਦੇਣ ਤੋਂ ਵੀ ਅਸਮਰੱਥ ਹਨ, ਜਿਸ ਕਾਰਨ ਜ਼ਿਆਦਾਤਰ ਪਰਿਵਾਰਾਂ ਵਿੱਚ ਕਲੇਸ਼ ਪੈਦਾ ਹੋ ਰਹੇ ਹਨ ਅਤੇ ਪਰਿਵਾਰ ਟੁੱਟਣ ਦੀ ਨੌਬਤ ਆ ਰਹੀ ਹੈ। ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ। -ਨਿੱਜੀ ਪੱਤਰ ਪ੍ਰੇਰਕ