ਪਰਸ਼ੋਤਮ ਬੱਲੀ
ਬਰਨਾਲਾ, 12 ਅਗਸਤ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ (ਲੜਕੇ) ਵਿੱਚ ਉਪ ਮੰਡਲ ਮੈਜਿਸਟ੍ਰੇਟ ਵਰਜੀਤ ਵਾਲੀਆ ਵੱਲੋਂ ਬਲਾਕ ਸਪੈਸ਼ਲ ਰਿਸੋਰਸ ਸੈਂਟਰ ਦਾ ਦੌਰਾ ਕੀਤਾ ਗਿਆ, ਜਿੱਥੇ ਉਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਵੱਲੋਂ ਬੱਚਿਆਂ ਨੂੰ ਟੇਬਲ ਟੈਨਿਸ ਭੇਟ ਕੀਤਾ ਗਿਆ ਅਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ ਗਿਆ। ਇਸ ਮੌਕੇ ਵਾਈਐੱਸ ਸਕੂਲ ਦੇ ਪ੍ਰਿੰਸੀਪਲ ਪੂਜਾ ਵਰਮਾ ਅਤੇ ਉਨ੍ਹਾਂ ਦੇ ਸਟਾਫ ਵੱਲ਼ੋਂ ਟੀਚਿੰਗ ਲਰਨਿੰਗ ਮਟੀਅਰਲ ਅਤੇ ਤੋਹਫੇ ਵੰਡੇ ਗਏ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਸਰਬਜੀਤ ਸਿੰਘ ਤੂਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਕੁਲਵਿੰਦਰ ਸਿੰਘ ਸਰਾਏ ਵੱਲੋਂ ਬੱਚਿਆਂ ਨੂੰ ਚੰਗੀ ਸਿਹਤ ਅਤੇ ਸਿੱਖਿਆ ਦੇ ਗੁਰ ਦੱਸੇ ਗਏ। ਜ਼ਿਲ੍ਹਾ ਸਪੈਸ਼ਲ ਐਜੂਕੇਟਰ ਮੁਹੰਮਦ ਰਿਜ਼ਵਾਨ, ਜ਼ਿਲ੍ਹਾ ਸਪੈਸ਼ਲ ਐਜੂਕੇਟਰ ਭੁਪਿੰਦਰ ਸਿੰਘ, ਡਾ. ਸੰਜੈੈ ਕੁਮਾਰ, ਆਈਈਆਰਟੀ ਸਪਨਾ ਸ਼ਰਮਾ, ਦਵਿੰਦਰ ਕੌਰ, ਆਈਈਵੀ ਰੰਜੂ ਬਾਲਾ, ਸ਼ਿੰਦਰਪਾਲ ਕੌਰ, ਬਲਵਿੰਦਰ ਕੌਰ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।
ਦਿਵਿਆਂਗਾਂ ਲਈ ਸਿਹਤ ਬੀਮੇ ਦੀ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ
ਬਰਨਾਲਾ (ਖੇਤਰੀ ਪ੍ਰਤੀਨਿਧ): ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਡਾ. ਤੇਅਵਾਸਪ੍ਰੀਤ ਕੌਰ ਨੇ ਕਿਹਾ ਕਿ ਕੌਮੀ ਨਿਰਮਾਇਆ ਹੈਲਥ ਇੰਸ਼ੋਰੈਂਸ ਸਕੀਮ ਅਧੀਨ ਸਾਲ 2021-22 ਲਈ ਦਿਵਿਆਂਗਨ ਲਾਭਪਾਤਰੀਆਂ ਜੋ ਕਿ (ਔਟਿਜ਼ਮ, ਦਿਮਾਗ, ਮੈਂਟਲ ਰੀਟਰਡੇਸ਼ਨ, ਮਲਟੀਪਲ ਡਿਸਏਬਲਟੀ) ਕੈਟਾਗਰੀ ਵਿੱਚ ਆਉਂਦੇ ਹਨ ਦੀ ਵੈਬਸਾਈਟ ’ਤੇ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਜਾਣੀ ਹੈ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ/ਸੈ.ਸਿੱ), ਪ੍ਰਿੰਸੀਪਲ ਸਕੂਲ ਫਾਰ ਡੈਫ, ਪਵਨ ਸੇਵਾ ਸੰਮਤੀ ਬਰਨਾਲਾ, ਵਕੀਲ ਚੰਦ, ਸੰਯੁਕਤ ਰਾਜ ਕੋਆਰਡੀਨੇਟਰ (ਪੀ.ਡਬਲਿਊ.ਡੀ.ਐਸ.), ਗੁਰਬਾਜ਼ ਸਿੰਘ ਮੈਂਬਰ (ਪੀ.ਡਬਲਿਊ.ਡੀ.) ਨੂੰ ਸਕੀਮ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਅਪਾਹਜ ਵਿਅਕਤੀਆਂ ਜਿਨ੍ਹਾਂ ਕੋਲ ਇੱਕ ਕਾਨੂੰਨੀ ਸਰਪ੍ਰਸਤ ਹੈ (ਮਾਪਿਆਂ ਤੋਂ ਇਲਾਵਾ) ਲਈ ਨਵੀਨੀਕਰਨ ਫ਼ੀਸ ਤੋਂ ਛੋਟ ਦਿੱਤੀ ਜਾਵੇਗੀ ਭਾਵ ਮੁਫ਼ਤ ਹੋਵੇਗੀ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਲਾਭਪਾਤਰੀਆਂ ਦੇ ਫਾਰਮ ਭਰਵਾ ਕੇ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਬਰਨਾਲਾ ਪਾਸ ਭੇਜੇ ਜਾਣ ਤਾਂ ਜੋ ਇਨ੍ਹਾਂ ਲਾਭਪਾਤਰੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਦਾ ਕੰਮ ਮੁਕੰਮਲ ਕੀਤਾ ਜਾ ਸਕੇ। ਦੱਸਣਯੋਗ ਹੈ ਕਿ ਅਜਿਹੇ ਲਾਭਪਾਤਰੀਆਂ ਨੂੰ 1 ਲੱਖ ਰੁਪਏ ਤੱਕ ਦੇ ਸਿਹਤ ਬੀਮਾ ਲਾਭ ਉਪਲੱਬਧ ਹੋਣਗੇ।
ਅੰਗਹੀਣਾਂ ਵੱਲੋਂ ਚੈਕ ਰਾਹੀਂ ਪੈਨਸ਼ਨ ਵੰਡਣ ਦਾ ਵਿਰੋਧ
ਮਾਨਸਾ (ਪੱਤਰ ਪ੍ਰੇਰਕ): ਫ਼ਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਦੇ ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਪੰਜਾਬ ਸਰਕਾਰ ਦੇ ਬੁਢਾਪਾ, ਵਿਧਵਾ ਅਤੇ ਅਪੰਗ ਵਿਅਕਤੀਆਂ ਨੂੰ ਚੈੱਕ ਰਾਹੀਂ ਪੈਨਸ਼ਨ ਵੰਡਣ ਦੇ ਫੈਸਲੇ ਦਾ ਸਖ਼ਤ ਵਿਰੋਧ ਕਰਦਿਆਂ ਮੰਗ ਕੀਤੀ ਹੈ ਕਿ ਆਪਣੇ ਸਿਆਸੀ ਹਿੱਤਾਂ ਲਈ ਬਜ਼ੁਰਗਾਂ, ਵਿਧਵਾਵਾਂ ਅਤੇ ਅੰਗਹੀਣਾਂ ਨੂੰ ਖੱਜਲ-ਖੁਆਰ ਨਾ ਕੀਤਾ ਜਾਵੇ ਅਤੇ ਪੈਨਸ਼ਨ ਰਾਸ਼ੀ ਪਹਿਲਾਂ ਵਾਂਗ ਹੀ ਉਨ੍ਹਾਂ ਦੇ ਖਾਤਿਆਂ ਵਿੱਚ ਪਾਈ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਪੈਨਸ਼ਨ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਪਾਉਣ ਦੀ ਬਜਾਏ ਕਿਸੇ ਸਿਆਸੀ ਆਗੂ ਤੋਂ ਚੈੱਕ ਵੰਡਾਉਣ ਦਾ ਡਰਾਮਾ ਕੀਤਾ ਗਿਆ ਤਾਂ ਉਹ ਸਮਾਗਮ ਵਿੱਚ ਸ਼ਾਮਲ ਕਾਂਗਰਸੀ ਆਗੂ ਦਾ ਵਿਰੋਧ ਕਰਨ ਲਈ ਮਜਬੂਰ ਹੋਣਗੇ।